ਇਹ ਡਾਕਟਰ ਜੋੜਾ ਬਜ਼ੁਰਗ ਮਾਪਿਆਂ ਤੇ ਬੱਚਿਆਂ ਨੂੰ ਘਰ ਛੱਡ ਨਿਭਾ ਰਿਹਾ ਹੈ ਕੋਰੋਨਾ ਡਿਊਟੀਆਂ
ਕਮਲਜੀਤ ਸਿੰਘ ਸੰਧੂ
ਬਰਨਾਲਾ, 22 ਮਈ 2021 - ਕੋਰੋਨਾ ਦੇ ਵਧਦੇ ਕਹਿਰ ਦਾ ਪੀੜਤਾਂ ਤੋਂ ਇਲਾਵਾ ਜੇ ਸਭ ਤੋਂ ਵੱਧ ਬੋਝ ਪਿਆ ਹੈ ਤਾਂ ਉਹ ਫਰੰਟ ਲਾਈਨ ਵਾਰੀਅਰਜ਼ ਉੱਤੇ ਪਿਆ ਹੈ। ਫਰੰਟ ਲਾਈਨ ਵਾਰੀਅਰਜ਼ ਵਿੱਚੋਂ ਮੈਡੀਕਲ ਪੇਸ਼ੇ ਦੇ ਲੋਕਾਂ ਦੇ ਡਿਊਟੀ ਸਭ ਤੋਂ ਅਹਿਮ ਹੈ ਕਿਉਂਕਿ ਮਰੀਜ਼ਾਂ ਦਾ ਇਲਾਜ ਕਰਨਾ ਵੀ ਇਸ ਵਰਗ ਦੇ ਹਿੱਸੇ ਹੈ ਅਤੇ ਖਤਰਾ ਵੀ ਇਨ੍ਹਾਂ ਨੂੰ ਹੀ ਸਭ ਤੋਂ ਵੱਧ ਦਰਪੇਸ਼ ਹੈ। ਬਰਨਾਲਾ ਦੇ ਸਿਹਤ ਵਿਭਾਗ ਵਿੱਚ ਤਾਇਨਾਤ ਇੱਕ ਡਾਕਟਰ ਜੋੜਾ ਅਜਿਹੇ ਲੋਕਾਂ ਵਿੱਚੋਂ ਹੀ ਇੱਕ ਹੈ। ਡਾ.ਅਮਿਤ ਅਤੇ ਉਨ੍ਹਾਂ ਦੀ ਡਾਕਟਰ ਪਤਨੀ ਦੀ ਡਿਊਟੀ ਕੋਵਿਡ ਤੋਂ ਪਹਿਲਾਂ ਬਰਨਾਲਾ ਦੀਆਂ ਹੀ ਦੋ ਅਲੱਗ ਅਲੱਗ ਡਿਸਪੈਂਸਰੀਆਂ ਵਿੱਚ ਰੂਰਲ ਮੈਡੀਕਲ ਅਫਸਰ ਦੇ ਤੌਰ ਤੇ ਲੱਗੀ ਹੋਈ ਸੀ। ਡਾ. ਅਮਿਤ ਕੁਮਾਰ ਅਤੇ ਡਾ.ਸੁਨੀਤਾ ਰਾਣੀ ਦੋਵੇਂ ਹੀ ਹੁਣ ਬਰਨਾਲਾ ਦੇ ਸੋਹਲ ਪੱਤੀ ਪਿੰਡ ਵਿੱਚ ਬਣੇ ਲੈਵਲ-2 ਕੋਵਿਡ ਆਈਸੋਲੇਸ਼ਨ ਕੇਂਦਰ ਵਿੱਚ ਤਾਇਨਾਤ ਹਨ।
ਇਹ ਜੋੜਾ ਬਰਨਾਲਾ ਜ਼ਿਲ੍ਹੇ ਦੇ ਤਪਾ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਰੋਜ਼ਾਨਾ ਸੋਹਲ ਪੱਤੀ ਵਿੱਚ ਬਣੇ ਕੋਵਿਡ ਕੇਂਦਰ ਵਿੱਚ ਡਿਊਟੀ ਤੇ ਆਉਂਦਾ ਹੈ। ਡਾ. ਅਮਿਤ ਨੇ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਪਿਛਲੇ ਸਾਲ ਦੇ ਲਾਕਡਾਊਨ ਤੋਂ ਹੀ ਕੋਰੋਨਾ ਕੇਂਦਰ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਿਮਾਰੀ ਬਾਰੇ ਜਿਆਦਾ ਪਤਾ ਨਹੀਂ ਸੀ ਇਸ ਲਈ ਉਸ ਸਮੇਂ ਕਰੋਨਾ ਦਾ ਡਰ ਵੀ ਜ਼ਿਆਦਾ ਸੀ ਪਰ ਹੌਲੀ ਹੌਲੀ ਇਸ ਬਾਰੇ ਜਾਣਕਾਰੀ ਵੀ ਸਾਹਮਣੇ ਆਉਂਦੀ ਗਈ ਅਤੇ ਰੋਜ਼ਾਨਾ ਡਿਊਟੀ ਕਰਕੇ ਹਾਲਾਤ ਆਮ ਵਰਗੇ ਲੱਗਣ ਲੱਗ ਗਏ ਸਨ ਪਰ ਕਰੋਨਾ ਦੀ ਦੂਸਰੀ ਵੇਵ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ।
ਇਸ ਲਈ ਵਰਕ ਲੋਡ ਵੀ ਜ਼ਿਆਦਾ ਹੈ ਕਿਉਂਕਿ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਹੈ। ਇਸ ਲਹਿਰ ਵਿੱਚ ਜਿਆਦਾ ਗੰਭੀਰ ਕੇਸਾਂ ਦੀ ਗਿਣਤੀ ਵੀ ਜ਼ਿਆਦਾ ਹੈ।ਪਿਛਲੀ ਲਹਿਰ ਵੇਲੇ ਖੁਦ ਇਨਫੈਕਟਡ ਹੋਣ ਦਾ ਖਤਰਾ ਜਿਆਦਾ ਸੀ ਪਰ ਹੁਣ ਕੋਰਨਾ ਦਾ ਹਮਲਾ ਜ਼ਿਆਦਾ ਹੈ।
ਪਤੀ ਪਤਨੀ ਦੋਹਾਂ ਦੀ ਡਿਊਟੀ ਐਮਰਜੈਂਸੀ ਵਿੱਚ ਲਗਾਤਾਰ ਲੱਗੀ ਹੋਣ ਕਰਕੇ ਆਮ ਮੈਡੀਕਲ ਡਿਊਟੀ ਨਾਲੋਂ ਵੱਖਰੀ ਤਰਾਂ ਦਾ ਵਰਕ ਲੌਗ ਹੈ ਅਤੇ ਪਰਿਵਾਰਕ ਜਿੰਦਗੀ ਵੀ ਪ੍ਰਭਾਵਿਤ ਹੋ ਰਹੀ ਹੈ।ਬੱਚਿਆਂ ਦੀ ਪੜਾਈ,ਖਾਣ-ਪੀਣ ਵੱਲ ਵੀ ਪੂਰਾ ਧਿਆਨ ਨਹੀਂ ਦੇ ਪਾ ਰਹੇ। ਘਰ ਵਿੱਚ ਬਜੁਰਗ ਮਾਤਾ ਹਨ ਅਤੇ ਉਨ੍ਹਾਂ ਦੀ ਉਮਰ 70 ਦੇ ਕਰੀਬ ਹੈ ਅਤੇ ਉਹ ਡਿਸਕ ਦੇ ਮਰੀਜ਼ ਹਨ।ਇਸ ਲਈ ਉਹ ਜਿਆਦਾ ਕੰਮ ਵੀ ਨਹੀਂ ਕਰ ਸਕਦੇ।
ਮੇਰੀ ਪਤਨੀ ਨੂੰ ਹੀ ਉਨ੍ਹਾਂ ਦਾ ਖਾਣਾ ਵਗੈਰਾ ਬਣਾ ਕੇ ਰੱਖ ਕੇ ਆਉਣਾ ਪੈਂਦਾ ਹੈ।ਜਿੰਨੀਆਂ ਮੌਤਾਂ ਇਸ ਕਰੋਨਾ ਡਿਊਟੀ ਵਿੱਚ ਦੇਖੀਆਂ ਹਨ ਇੰਨੀਆਂ ਪਹਿਲਾਂ ਕਦੇ ਵੀ ਨਹੀਂ ਦੇਖੀਆਂ। ਮਰੀਜ ਦੇ ਪਰਿਵਾਰ ਨੂੰ ਮਰੀਜ ਦੀ ਮੌਤ ਬਾਰੇ ਦੱਸਣਾ ਬੜਾ ਔਖਾ ਲਗਦਾ ਹੈ।ਖੁਦ ਨੂੰ ਵੀ ਡਰ ਦਾ ਅਹਿਸਾਸ ਹਮੇਸ਼ਾਂ ਰਹਿੰਦਾ ਹੈ ਪਰ ਜੋ ਅਸੀਂ ਪੇਸ਼ਾ ਚੁਣਿਆ ਹੈ ਤਾਂ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੀ ਡਿਊਟੀ ਕਰੀਏ।
ਅਸੀਂ ਆਪਣੀ ਡਿਊਟੀ ਸਮੇਂ ਪੀਪੀਈ ਕਿੱਟ ਅਤੇ ਮਾਸਕ ਆਦਿ ਪਾ ਕੇ ਰੱਖਦੇ ਹਾਂ।ਡਾ ਅਮਿਤ ਦੱਸਦੇ ਹਨ, “ਘਰ ਵਿੱਚ ਇੱਕ ਅਟੈਚ ਬਾਥਰੂਮ ਵਾਲੇ ਪੁਰਾਣੇ ਕਮਰੇ ਨੂੰ ਅਸੀਂ ਆਪਣੇ ਲਈ ਰੱਖਿਆ ਹੋਇਆ ਹੈ।ਡਿਊਟੀ ਤੋਂ ਵਾਪਸ ਘਰ ਜਾਣ ਸਮੇਂ ਇਸ ਕਮਰੇ ਵਿੱਚ ਹੀ ਡਿਊਟੀ ਵਾਲੇ ਕੱਪੜੇ ਬਦਲ ਕੇ ਨਹਾ ਕੇ ਫਿਰ ਪਰਿਵਾਰ ਨੂੰ ਮਿਲਦੇ ਹਾਂ।ਬਦਲੇ ਹੋਏ ਕੱਪੜਿਆਂ ਨੂੰ ਦੋ ਤਿੰਨ ਦਿਨ ਬਾਅਦ ਘਰ ਬਾਕੀ ਘਰ ਵਿੱਚ ਦਾਖਲ ਕਰਦੇ ਹਾਂ।ਮਾਤਾ ਕਈ ਵਾਰ ਕਹਿ ਦਿੰਦੀ ਹੈ ਕਿ ਅਜਿਹੇ ਕਿੱਤੇ ਦਾ ਕੀ ਫਾਇਦਾ।ਬੱਚੇ ਵੀ ਕਹਿੰਦੇ ਹਨ ਕਿ ਤੁਸੀਂ ਕੰਮ ਵਿੱਚ ਹੀ ਬਿਜ਼ੀ ਰਹਿੰਦੇ ਹੋ।ਪਰ ਜੋ ਅਸੀਂ ਕਿੱਤਾ ਚੁਣਿਆ ਹੈ ਤਾਂ ਕੰਮ ਤਾਂ ਕਰਨਾ ਹੀ ਪਏਗਾ, ਬਾਕੀ ਕਿਸੇ ਨੂੰ ਤਾਂ ਇਹ ਡਿਊਟੀ ਨਿਭਾਉਣੀ ਹੀ ਪੈਣੀ ਹੈ।”