ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਮੁਫ਼ਤ ਕੋਵਿਡ ਕੇਅਰ ਸੈਂਟਰਾਂ ਦਾ ਦੌਰਾ
ਅਸ਼ੋਕ ਵਰਮਾ
ਬਠਿੰਡਾ, 30ਮਈ 2021:ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਦੋਵੇਂ ਮੁਫ਼ਤ ਕੋਵਿਡ ਕੇਅਰ ਸੈਂਟਰਾਂ ਦਾ ਦੌਰਾ ਕੀਤਾ। ਉਹਨਾ ਮੁਫ਼ਤ ਕੋਵਿਡ ਸੈਂਟਰ ਚਲਾ ਰਹੀਆਂ ਅਤੇ ਕੋਰੋਨਾ ਪੀੜਤਾਂ ਦੀ ਮਦਦ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਹ ਪਹਿਲਾਂ ਕਿਸ਼ੋਰੀ ਰਾਮ ਹਸਪਤਾਲ ਵਿੱਚ ਡਾਕਟਰ ਵਿਤੁਲ ਗੁਪਤਾ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਏ ਗਏ ਸੈਂਟਰ ਵਿੱਚ ਗਏ ਜਿੱਥੇ ਉਨ੍ਹਾਂ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਦੱਸ ਲੱਖ ਰੁਪਏ ਅਤੇ ਸਮਰਪਨ ਵੈਲਫੇਅਰ ਸੋਸਾਇਟੀ ਨੂੰ ਵੀ 10 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਮੈਰੀਟੋਰੀਅਸ ਸਕੂਲ ਵਿੱਖੇ ਬਠਿੰਡਾ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਦਿਆਂ ਇਲਾਜ ਲਈ ਦਾਖ਼ਲ ਕੋਰੋਨਾ ਪੀੜਤਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਦੋਵੇਂ ਕੋਵਿਡ ਕੇਅਰ ਸੈਂਟਰਾਂ ਦਾ ਲੋਕਾਂ ਨੂੰ ਵੱਡਾ ਫ਼ਾਇਦਾ ਮਿਲ ਰਿਹਾ ਹੈ। ਕੋਰੋਨਾ ਪੀਡ਼ਤ ਦੋਵਾਂ ਸੈਂਟਰਾਂ ਵਿੱਚ ਫਰੀ ਆਪਣਾ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਇਨ੍ਹਾਂ ਸੈਂਟਰਾਂ ਵਿੱਚ ਕੋਰੋਨਾ ਵਾਇਰਸ ਦੇ ਲੈਵਲ ਦੋ ਦਾ ਇਲਾਜ ਮੁਹੱਈਆ ਹੈ ਪਰ ਜਲਦੀ ਹੀ ਬਠਿੰਡਾ ਕੋਵਿਡ ਕੇਅਰ ਸੈਂਟਰ ਚ' ਕੋਰੋਨਾ ਵਾਇਰਸ ਲੈਵਲ ਤਿੱਨ ਦਾ ਇਲਾਜ ਵੀ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਵੈਂਟੀਲੇਟਰ ਅਤੇ ਅਕਸੀਜਨ ਕੰਸਨਟ੍ਰੇਟਰ ਪਹਿਲਾਂ ਹੀ ਪਹੁੰਚ ਚੁੱਕੇ ਹਨ। ਉਨ੍ਹਾਂ ਮੁਫ਼ਤ ਕੋਰੋਨਾ ਇਲਾਜ ਕੇਂਦਰ ਚਲਾ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਇਸ ਸੰਕਟ ਦੀ ਘੜੀ ਵਿੱਚ ਬਹੁਤ ਸਾਰੇ ਲੋਕ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆ ਕੇ ਮਨੁੱਖਤਾ ਦਿਖਾ ਰਹੇ ਹਨ। ਉਨ੍ਹਾਂ 50 ਅਕਸੀਜਨ ਕੰਸਨਟ੍ਰੇਟਰ ਭੇਜਣ ਤੇ ਖ਼ਾਲਸਾ ਏਡ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਨ,ਕੇ ਕੇ ਅਗਰਵਾਲ, ਪਵਨ ਮਾਨੀ, ਅਨਿਲ ਭੋਲਾ,ਦਰਵਜੀਤ ਮੈਰੀ, ਮੌਂਟੀ,ਮਨੀਸ਼ ਪਾਂਧੀ, ਗੁਰਵਿੰਦਰ ਸ਼ਰਮਾ,ਸੋਨੂ ਮਹੇਸ਼ਵਰੀ,ਸੰਦੀਪ ਬੌਬੀ,ਉਮੇਸ਼ ਗੋਗੀ,ਸੰਜੇ ਕਪੂਰ ਹਾਜ਼ਰ ਸਨ।