ਸਪੈਸ਼ਲ ਇਨਫੋਰਸਮੈਂਟ ਟੀਮ ਨੇ ਜੈਤੋ-ਬਠਿੰਡਾ ਰੋਡ ਉੱਪਰ ਨਾਕਾ ਲਗਾ ਕੱਟੇ ਚਲਾਣ, ਵੰਡੇ ਮਾਸਕ, ਕੀਤਾ ਜਾਗਰੁਕ
ਮਨਿੰਦਰਜੀਤ ਸਿੱਧੂ
ਜੈਤੋ, 26 ਮਈ, 2021 - ਅੱਜ ਬਠਿੰਡਾ ਰੋਡ ਸੂਏ ਦੇ ਪੁਲ ਉੱਪਰ ਨਾਕਾ ਲਗਾ ਕੇ ਸਪੈਸ਼ਲ ਇਨਫੋਰਸਮੈਂਟ ਟੀਮ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ। ਸਹਾਇਕ ਸਬ ਇੰਸਪੈਕਟਰ ਦਰਸ਼ਨ ਸਿੰਘ ਸੇਖੋਂ ਦੀ ਅਗਵਾਈ ਵਾਲੀ ਇਸ ਟੀਮ ਵੱਲੋਂ ਜਿੱਥੇ ਰਾਹਗੀਰਾਂ ਨੂੰ ਰੋਕ ਕੇ ਮਾਸਕ ਨਾ ਲਾਉਣ ਵਾਲਿਆਂ ਦੇ ਚਲਾਣ ਕੱਟੇ ਗਏ, ਉੱਥੇ ਨਾਲ ਹੀ ਉਹਨਾਂ ਨੂੰ ਮੁਫਤ ਮਾਸਕ ਵੰਡੇ ਵੀ ਗਏ। ਇਸ ਦੌਰਾਨ ਉਹਨਾਂ ਮੋਟਰਸਾਇਕਲਾਂ, ਕਾਰਾਂ ਅਤੇ ਇੱਥੋਂ ਤੱਕ ਕਿ ਬੱਸਾਂ ਨੂੰ ਰੋਕ ਕੇ ਵੀ ਚੈਕਿੰਗ ਕੀਤੀ ਗਈ।
ਏ.ਐੱਸ.ਆਈ ਸੇਖੋਂ ਵੱਲੋਂ ਮਾਸਕ ਨਾ ਪਹਿਨਣ ਵਾਲੇ ਅਤੇ ਕੋਰੋਨਾ ਗਾਈਡਲਾਈਨਜ਼ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੁਕ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਸਖਤਾਈ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹੀ ਹੈ, ਸੋ ਸਾਰੇ ਨਾਗਰਿਕਾਂ ਨੂੰ ਇਸ ਕੰਮ ਵਿੱਚ ਸਰਕਾਰ,ਪੁਲਿਸ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ।ਪੁਲਿਸ ਵੱਲੋਂ 10 ਲੋਕਾਂ ਦੇ ਮਾਸਕ ਨਾ ਪਹਿਨਣ ਕਰਕੇ ਚਲਾਣ ਕੱਟੇ ਗਏ ਅਤੇ 50 ਦੇ ਕਰੀਬ ਲੋਕਾਂ ਨੂੰ ਮਾਸਕ ਵੰਡੇ ਵੀ ਗਏ।