ਪੰਚਾਇਤਾਂ ਤੇ ਕਮੇਟੀਆਂ ਨੂੰ ਕੋਰੋਨਾ ਸਰਵੇ ਦੀ ਨਿਗਰਾਨੀ ਕਰਨ ਦੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
- ਕਲੱਬ,ਜੀ.ਓ.ਜੀ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਹਿਯੋਗ ਦੇਣ ਦਾ ਸੱਦਾ
- ਕੋਵਿਡ-19 ਮੁਕਤੀ ਲਈ ਘਰ-ਘਰ ਟੈਸਟਿਗ ਤੇ ਟੀਕਾਕਰਨ
ਫਰੀਦਕੋਟ, 23 ਮਈ 2021 - ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਆਈ.ਏ.ਐੱਸ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਵੱਲੋਂ ਕਰੋਨਾ ਮਹਾਂਮਾਰੀ ਦੀ ਰੋਕਥਾਮ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ 2 ਤਹਿਤ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਮਿਲ ਕੇ ਜ਼ਿਲੇ ਦੇ ਪਿਡਾਂ ਵਿਚ ਘਰ-ਘਰ ਕੋਵਿਡ-19 ਤਹਿਤ ਸਰਵੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਣ ਤਾਂ ਉਸ ਨੂੰ ਤੁਰੰਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਲੋਕਾਂ ਵਿਚ ਕਰੋਨਾ ਮਹਾਂਮਾਰੀ ਸਬੰਧੀ ਜਾਗਰੂਕਤਾ ਪੈੈਦਾ ਕੀਤੀ ਜਾ ਸਕੇ |
ਇਸੇ ਹੀ ਮੰਤਵ ਤਹਿਤ ਇਸ ਅਭਿਆਨ ਦੇ ਨੋਡਲ ਅਫਸਰ ਵਧੀਕ ਡਿਪਟੀ ਕਮਿਸ਼ਨਰ-ਵਿਕਾਸ ਪ੍ਰੀਤ ਮਹਿੰਦਰ ਸਿੰਘ ਸਹੋਤਾ ਦੀ ਯੋਗ ਅਗਵਾਈ ਹੇਠ ਸੀਨੀਅਰ ਮੈਡੀਕਲ ਅਫਸਰ ਬਲਾਕ ਜੰਡ ਸਾਹਿਬ ਡਾ.ਰਜੀਵ ਭੰਡਾਰੀ ਅਤੇ ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਵੱਲੋਂ ਸਟਾਫ ਨਾਲ ਮੀਟਿੰਗਾਂ ਦਾ ਆਯੋਜਨ ਕਰਕੇ ਅਤੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਰਵੇ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ |
ਉਨ੍ਹਾਂ ਪਿੰਡ ਪੰਚਾਇਤਾਂ ਤੇ ਪੇਂਡੂ ਸਿਹਤ-ਸਫਾਈ ਤੇ ਖੁਰਾਕ ਕਮੇਟੀਆਂ ਨੂੰ ਕੋਰੋਨਾ ਸਰਵੇ ਦੀ ਨਿਗਰਾਨੀ ਅਤੇ ਟੀਮਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਟੀਕਾਕਰਨ ਅਤੇ ਸ਼ੱਕੀ ਮਰੀਜ਼ਾਂ ਦਾ ਕੋਰੋਨਾ ਟੈਸਟ ਕੀਤਾ ਜਾ ਸਕੇ |ਉਨ੍ਹਾਂ ਪਿੰਡਾਂ ਦੇ ਯੂਥ ਕਲੱਬਾਂ,ਸੈਲਫ ਹੈਲਪ ਗਰੁੱਪਾਂ,ਮਹਿਲਾ ਮੰਡਲਾਂ,ਖੁਸ਼ਹਾਲੀ ਦੇ ਰਾਖੇ-ਜੀ.ਓ.ਜੀ ਅਤੇ ਆਰ.ਐਮ.ਪੀ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵੀ ਕੋਰੋਨਾ ਦੀ ਜੰਗ ਵਿੱਚ ਅੱਗੇ ਆ ਕੇ ਹੈਲਥ ਵਰਕਰਾਂ ਨਾਲ ਸਹਿਯੋਗ ਦੇਣ ਦਾ ਸੱਦਾ ਵੀ ਦਿੱਤਾ |