ਭਵਿੱਖ ਵਿੱਚ ਆਕਸੀਜਨ ਦੀ ਕਮੀ ਨੂੰ ਪੱਕੇ ਤੌਰ 'ਤੇ ਪੂਰਾ ਕਰਨ ਲਈ ਸੰਤ ਸੀਚੇਵਾਲ ਵੱਲੋਂ ਵੱਡੇ ਪੱਧਰ 'ਤੇ ਬੂਟੇ ਲਗਾਉਣ ਦਾ ਸੱਦਾ
ਬਲਵਿੰਦਰ ਸਿੰਘ ਧਾਲੀਵਾਲ
- ਕਾਲੀ ਫੰਗਸ ਤੋਂ ਨਿਜਾਤ ਪਾਉਣ ਲਈ ਆਲੇ-ਦੁਆਲੇ ਦੀ ਸਫਾਈ ਜਰੂਰੀ
- ਇਤਿਹਾਸਕ ਨਗਰੀ ਵਿੱਚ ਸਫਾਈ ਦੀ ਮੁਹਿੰਮ ਜਾਰੀ
ਸੁਲਤਾਨਪੁਰ ਲੋਧੀ, 29 ਮਈ 2021 - ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਦੀ ਸਫਾਈ ਮੁਹਿੰਮ ਦੌਰਾਨ ਸ਼ਹਿਰ ਦੀਆਂ ਸੜਕਾਂ ਕੰਢੇ ਲੱਗੇ ਕੂੜੇ ਦੇ ਢੇਰ ਚੁੱਕ ਕੇ ਉਥੇ ਫੁੱਲਾਂ ਅਤੇ ਫਲਾਂ ਵਾਲੇ ਬੂਟੇ ਲਗਾਏ ਜਾ ਰਹੇ ਹਨ।ਸੇਵਾਦਾਰਾਂ ਨੂੰ ਨਾਲ ਲੈਕੇ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ ਵਿੱਚ ਲੋਹੀਆਂ ਚੁੰਗੀ ਤੋਂ ਲੈਕੇ ਸਿਨੇਮਾ ਰੋਡ 'ਤੇ ਫਲ ਤੇ ਫੁੱਲਾਂ ਵਾਲੇ ਬੂਟੇ ਲਾਏ ਗਏ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਆਕਸੀਜਨ ਦੀ ਘਾਟ ਤੇ ਕਾਲੀ ਫੰਗਸ ਵਰਗੀਆਂ ਬੀਮਾਰੀਆਂ ਵਾਤਾਵਰਣ ਦੇ ਵਿਗਾੜ ਕਾਰਨ ਹੀ ਪੈਦਾ ਹੋਈਆਂ ਹਨ।ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਨਾਲ ਹੀ ਕਾਲੀ ਫੰਗਸ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਬੀਮਾਰੀ ਨਾਲ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਉਂਦੇ ਬਰਸਾਤੀ ਮੌਸਮ ਵਿੱਚ ਵੱਡੀ ਪੱਧਰ 'ਤੇ ਬੂਟੇ ਲਾਏ ਜਾਣ ਅਤੇ ਆਲੇ-ਦੁਆਲੇ ਦੀ ਸਫਾਈ ਰੱਖੀ ਜਾਵੇ।
ਉਨ੍ਹਾਂ ਨੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਨੂੰ ਚੱਕ ਕੇ ਪਹਿਲਾਂ ਮਿੱਟੀ ਪਾ ਕੇ ਸੜਕ ਦੀਆਂ ਬਰਮਾਂ ਪੂਰੀਆਂ ਕੀਤੀਆਂ ਅਤੇ ਉਥੇ ਸੁਖਚੈਨ, ਅਰਜਨ, ਮਨੋਕਾਮਨੀ, ਜਾਮਨ ਆਦਿ ਕਿਸਮ ਦੇ ਬੂਟੇ ਲਾਏ ਗਏ। ਸੜਕ ਕਿਨਾਰੇ ਪਹਿਲਾਂ ਤੋਂ ਲੱਗੇ ਹੋਏ ਬੂਟੇ ਅਤੇ ਅੱਜ ਲਾਏ ਬੂਟਿਆਂ ਦੀ ਸੇਵਾ ਸੰਭਾਲ ਸੋਨਾਲੀਕਾ ਏਜੰਸੀ ਦੇ ਮਾਲਿਕ ਸ੍ਰ ਅਜੀਤ ਸਿੰਘ ਵੱਲੋਂ ਤਨਦੇਹੀ ਨਾਲ ਕੀਤੀ ਜਾ ਰਹੀ ਹੈ।
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਪ੍ਰਦੂਸ਼ਣ ਮੁਕਤ ਤੇ ਹਰਿਆ ਭਰਿਆ ਬਣਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਇਨਕਲਾਬੀ ਕਾਰਜ ਕੀਤੇ ਹਨ। ਸ਼ਹਿਰ ਨੂੰ ਆਉਂਦੀ ਕੋਈ ਵੀ ਸੜਕ ਹੋਵੇ ਜਾਂ ਸ਼ਹਿਰ ਵਿੱਚ ਖਾਲੀ ਪਈਆਂ ਥਾਵਾਂ ਹੋਣ ਜਾਂ ਰੇਲਵੇ ਸ਼ਟੇਸ਼ਨ ਦੀ 30 ਏਕੜ ਤੋਂ ਵੱਧ ਜ਼ਮੀਨ ਹੋਵੇ ਸਾਰੇ ਥਾਈਂ ਆਯੁਰਵੈਦਿਕ ਫਾਇਦਾ ਦੇਣ ਵਾਲੇ ਬੂਟਿਆਂ ਨਾਲ ਸ਼ਹਿਰ ਦਾ ਆਲਾ ਦੁਆਲਾ ਹਰਿਆਲੀ ਬਿਖੇਰ ਰਿਹਾ ਹੈ।ਪਹਿਲਾਂ ਇੱਥੇ ਕੂੜੇ ਨੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਹੁਣ ਬੂਟੇ ਲਹਿਰਾ ਰਹੇ ਹਨ।ਲੋਕਾਂ ਨੂੰ ਭਰਪੂਰ ਆਕਸੀਜਨ ਮਿਲ ਰਹੀ ਹੈ। ਮੁਫਤ ਵਿੱਚ ਲੋਕਾਂ ਨੂੰ ਫਲ ਖਾਣ ਨੂੰ ਮਿਲ ਰਹੇ ਹਨ ਤੇ ਫੁੱਲ ਸੁਗੰਦੀ ਬਖੇਰ ਰਹੇ ਹਨ।
ਪੰਜਾਬ ਦੇ ਨਕਸ਼ੇ 'ਤੇ ਪਿਛੜੇ ਸ਼ਹਿਰਾਂ ਵਿੱਚ ਸ਼ੁਮਾਰ ਸੁਲਤਾਨਪੁਰ ਲੋਧੀ ਹੁਣ ਦੁਨੀਆਂ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ। ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਹ ਸਭ ਸੰਤ ਸੀਚੇਵਾਲ ਜੀ ਵੱਲੋਂ ਪਿਛਲੇ ਦੋ ਦਹਾਕਿਆਂ ਦੌਰਾਨ ਵਾਤਾਵਰਣ ਸੰਭਾਲ ਲਈ ਕੀਤੇ ਅਣਥੱਕ ਯਤਨਾਂ ਦਾ ਨਤੀਜਾ ਹੀ ਹੈ।ਬਾਬੇ ਨਾਨਕ ਦੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਨਾਲ ਇਸ ਪਵਿੱਤਰ ਨਗਰੀ ਵਿਚੋਂ ਚੱਲੀ ਮੁਹਿੰਮ ਹੁਣ ਜਨ ਜਨ ਦੀ ਆਵਾਜ ਬਣ ਚੁੱਕੀ ਹੈ।ਸ਼ਹਿਰ ਦੇ ਕੋਨੇ ਕੋਨੇ ਵਿੱਚ ਲੱਗੇ ਦਰਖਤ ਵਾਤਾਵਰਣ ਦੀ ਸ਼ੁੱਧਤਾ ਦੀ ਗਵਾਹੀ ਭਰਦੇ ਹਨ।