ਸਿਹਤ ਦੇ ਖੇਤਰ ਨਾਲ ਸਬੰਧਤ ਕੋਰਸਾਂ ਲਈ ਹੋਵੇਗੀ ਮੁਫਤ ਸਿਖਲਾਈ: ਏ ਡੀ ਸੀ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 25 ਮਈ 2021: ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪਰਮਵੀਰ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵੀਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਦੁਆਰਾ ਨੌਜਵਾਨਾਂ ਲਈ ਸਿਹਤ ਸੈਕਟਰ ਨਾਲ ਸਬੰਧਿਤ 6 ਕੋਰਸਾਂ ਵਿੱਚ ਸਕਿੱਲ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕੋਰਸ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਤਹਿਤ ਚਲਾਏ ਜਾਣਗੇ। ਇਨ੍ਹਾਂ ਕੋਰਸਾਂ ਲਈ ਨਵੇਂ ਉਮੀਦਵਾਰਾਂ ਦਾ ਸਮਾਂ 21 ਦਿਨ ਦਾ ਹੋਵੇਗਾ ਅਤੇ ਉਮੀਦਵਾਰਾਂ ਦੀ ਟਰੇਨਿੰਗ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਸਿਹਤ ਸੰਸਥਾਵਾਂ ਵਿੱਚ ਤਾਇਨਾਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸਿਹਤ ਸੈਕਟਰ ਵਿੱਚ ਪਹਿਲਾਂ ਤੋਂ ਹੀ ਕੰਮ ਕਰ ਰਹੇ ਉਮੀਦਵਾਰਾਂ, ਜਿਨ੍ਹਾਂ ਕੋਲ ਕੋਈ ਸਰਟੀਫਿਕੇਟ ਨਹੀ ਹੈ, ਨੂੰ ਵੀ ਇਸ ਤਹਿਤ 7 ਦਿਨਾਂ ਦੀ ਟਰੇਨਿੰਗ ਦੇ ਕੇ ਸਰਟੀਫਾਈ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਪਣੀ ਇੱਕ ਵਿਸ਼ੇਸ਼ ਕਿੱਤਾ ਮੁੱਖੀ ਵਜੋਂ ਪਹਿਚਾਣ ਬਣ ਸਕੇ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾ ਸਕਣ। ਉਨ੍ਹਾਂ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਕਿਹਾ। ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜ਼ਗਾਰ ਪ੍ਰਾਪਤ ਹੋਵੇਗਾ ਉਸਦੇ ਨਾਲ ਇਸ ਮਹਾਂਮਾਰੀ ਦੌਰਾਨ ਸਮਾਜ ਸੇਵਾ ਕਰਨ ਦਾ ਮੌਕਾ ਵੀ ਪ੍ਰਾਪਤ ਹੋਵੇਗਾ।
ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ ਬਠਿੰਡਾ ਸੀ੍ਰ ਚਾਂਦ ਸਿੰਘ ਨੇ ਦੱਸਿਆ ਕਿ ਇਹ ਕੋਰਸ ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਕਰਵਾਏ ਜਾਣਗੇ ਅਤੇ ਇਸ ਟਰੇਨਿੰਗ ਦੌਰਾਨ ਪੜ੍ਹਨ ਲਈ ਕਿਤਾਬਾਂ ਆਦਿ ਵੀ ਮੁਹੱਇਆ ਕਰਵਾਈਆਂ ਜਾਣਗੀਆਂ।ਐਡੀਸ਼ਨਲ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਜਿਹੜੇ ਉਮੀਦਵਾਰ ਇਹ ਕੋਰਸ ਕਰਕੇ ਰੋਜ਼ਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਹੋਰ ਜਾਣਕਾਰੀ ਲਈ ਦਫ਼ਤਰ ਏ.ਡੀ.ਸੀ (ਵਿ)-ਕਮ-ਨੋਡਲ ਅਫ਼ਸਰ ਪੰਜਾਬ ਸਕਿੱਲ ਡਿਵੈੱਲਮੈਂਟ ਮਿਸ਼ਨ, ਦੂਜੀ ਮੰਜਿਲ, ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਬਠਿੰਡਾ ਦੇ ਕਰਮਚਾਰੀ ਸ੍ਰੀ ਕਿਰਨ ਕੁਮਾਰ (ਬੀ.ਟੀ.ਈ-ਐਸ.ਐਮ) ਦੇ ਫੋਨ ਨੰਬਰ 93517-57834 ਉੱਪਰ ਸੰਪਰਕ ਕਰ ਸਕਦੇ ਹਨ।