ਬਿਨਾ ਲੋੜ ਤੋਂ ਆਕਸੀਜਨ ਸਿਲੰਡਰ ਅਤੇ ਹੋਰ ਦਵਾਈਆਂ ਘਰਾਂ ਵਿੱਚ ਸਟਾਕ ਕਰਕੇ ਨਾ ਰੱਖੋ - ਡੀ ਸੀ ਮੋਗਾ
ਗੁਰਪ੍ਰੀਤ ਸਿੰਘ ਮੰਡਿਆਣੀ
- " ਪਲਸ ਆਕਸੀਮੀਟਰ ਅਤੇ ਹੋਰ ਮੈਡੀਕਲ ਉਪਕਰਨ ਸਿਹਤ ਵਿਭਾਗ ਨੂੰ ਭੇਜੇ ਜਾਣ, ਤਾਂ ਜੋ ਲੋੜਵੰਦਾਂ ਦੇ ਕੰਮ ਆ ਸਕਣ "
ਮੋਗਾ, 26 ਮਈ 2021 - ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ “ਦੀ ਪੰਜਾਬ ਰਕਿਉਸਿਜ਼ਨ ਅਤੇ ਐਕਿਉਸਿਜਨ ਆਫ਼ ਮੋਵਏਬਲ ਪ੍ਰਾਪਰਟੀ ਐਕਟ” 1978 ਦੇ ਸੈਕਸ਼ਨ 3 (1) ਤਹਿਤ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਮੌਜੂਦ ਸਮੂਹ ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਵਿੱਚ ਮੌਜੂਦ ਆਕਸੀਜਨ ਸਿਲੰਡਰਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ। ਜ਼ਿਲ੍ਹਾ ਮੋਗਾ ਅੰਦਰ ਮੌਜੂਦ ਆਕਸੀਜਨ ਸਿਲੰਡਰਾਂ ਨੂੰ ਰੀਫਿਲ ਕਰਨ ਵਾਲੇ ਉਦਯੋਗ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਹੈ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਜਾਣਕਾਰੀ ਤੋਂ ਬਗੈਰ ਆਕਸੀਜ਼ਨ ਸਿਲੰਡਰਾਂ ਦੀ ਮੂਵਮੈਂਟ ਨਾ ਕੀਤੀ ਜਾਵੇ। ਪਰ ਉਕਤ ਹੁਕਮਾਂ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਆਪਣੇ ਘਰਾਂ ਜਾਂ ਸਥਾਨਾਂ ਵਿੱਚ ਸਿਲੰਡਰ ਰੱਖੇ ਹੋਏ ਹਨ।
ਅੱਜ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀ ਹੰਸ ਨੇ ਦੱਸਿਆ ਕਿ ਸਾਹਮਣੇ ਆਇਆ ਕਿ ਕੁਝ ਲੋਕਾਂ ਨੇ ਘਰਾਂ ਵਿੱਚ ਬਿਨ੍ਹਾਂ ਲੋੜ੍ਹ ਤੋਂ ਆਕਸੀਜਨ ਦੇ ਸਿਲੰਡਰ ਰੱਖੇ ਹੋਏ ਹਨ। ਉਹਨਾਂ ਕਿਹਾ ਕਿ ਆਕਸੀਜਨ ਸਿਲੰਡਰ ਦੀ ਘਰ ਵਿੱਚ ਵੀ ਵਰਤੋਂ ਕਰਨ ਲਈ ਬਕਾਇਦਾ ਡਾਕਟਰੀ ਸਹਾਇਤਾ ਦੀ ਜਰੂਰਤ ਹੁੰਦੀ ਹੈ। ਬਿਨਾਂ ਡਾਕਟਰ ਦੀ ਸਹਾਇਤਾ ਤੋਂ ਕਈ ਵਾਰ ਜਾਨੀ ਨੁਕਸਾਨ ਹੋਣ ਦਾ ਵੀ ਡਰ ਰਹਿੰਦਾ ਹੈ। ਇਸ ਦੀ ਸਭ ਤੋਂ ਭਿਆਨਕ ਘਟਨਾ ਪਿੰਡ ਕੋਕਰੀ ਬਹਿਣੀਵਾਲ ਵਿਖੇ ਵਾਪਰੀ ਸੀ। ਅਜਿਹੀ ਘਟਨਾ ਮੁੜ੍ਹ ਨਹੀਂ ਵਾਪਰਨੀ ਚਾਹੀਦੀ ਹੈ।
ਸ਼੍ਰੀ ਹੰਸ ਨੇ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਵੱਧ ਰਹੇ ਪ੍ਰਭਾਵ ਕਾਰਣ ਰੋਜ਼ਾਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਰਕੇ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਆਕਸੀਜਨ ਪੂਰੀ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਆਕਸੀਜਨ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਉਦਯੋਗਿਕ ਅਦਾਰਿਆਂ ਨੂੰ ਸਟਾਕ ਕਰਕੇ ਨਹੀਂ ਰੱਖਣ ਦਿੱਤਾ ਜਾ ਰਿਹਾ ਕਿਉਂਕਿ ਇਹ ਆਕਸੀਜਨ ਕੋਵਿਡ ਨਾਲ ਪ੍ਰਭਾਵਿਤ ਮਰੀਜ਼ ਦੀ ਜਿੰਦਗੀ ਬਚਾ ਸਕਦੀ ਹੈ। ਇਸ ਆਕਸੀਜਨ ਨੂੰ ਲੋੜੀਂਦੀ ਮਾਤਰਾ ਵਿੱਚ ਹਸਪਤਾਲਾਂ ਵਿੱਚ ਕੋਵਿਡ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਮਦਦ ਲਈ ਸਪਲਾਈ ਕੀਤਾ ਜਾ ਰਿਹਾ ਹੈ।
ਸ਼੍ਰੀ ਹੰਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿੱਚ ਆ ਕੇ ਬਿਨਾ ਲੋੜ ਤੋਂ ਹੋਰ ਦਵਾਈਆਂ ਘਰਾਂ ਵਿੱਚ ਸਟਾਕ ਕਰਕੇ ਨਾ ਰੱਖਣ। ਅਜਿਹੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਵਰਤੋਂ ਡਾਕਟਰੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ। ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਜਿਸ ਨਾਲ ਘਰੇਲੂ ਇਕਾਂਤਵਾਸ ਕੀਤੇ ਜਾ ਰਹੇ ਮਰੀਜ਼ਾਂ ਨੂੰ ਮੈਡੀਕਲ ਉਪਕਰਨਾਂ ਦੀ ਕਮੀ ਵੀ ਸਾਹਮਣੇ ਆਉਣ ਲੱਗੀ ਹੈ।
ਇਸ ਕਮੀ ਨੂੰ ਪੂਰਾ ਕਰਨ ਵਿੱਚ ਠੀਕ ਹੋ ਚੁੱਕੇ ਮਰੀਜ਼ਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ਼੍ਰੀ ਹੰਸ ਨੇ ਇਸ ਅਤਿ ਚਿੰਤਾਜਨਕ ਸਥਿਤੀ ਵਿੱਚ ਪਲਸ ਆਕਸੀਮੀਟਰ ਅਤੇ ਹੋਰ ਮੈਡੀਕਲ ਉਪਕਰਨ ਸਿਹਤ ਵਿਭਾਗ ਨੂੰ ਭੇਜਣ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਪਿੱਛਲੇ ਸਾਲ ਕੋਵਿਡ -19 ਪ੍ਰਭਾਵਿਤ ਮਰੀਜਾਂ ਨੂੰ ਅਸਰਦਾਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਘਰਾਂ ਵਿੱਚ ਇਕਾਂਤਵਾਸ ਮਰੀਜਾਂ ਨੂੰ 'ਕੋਰੋਨਾ ਫਤਿਹ ਕਿੱਟਾਂ' ਮੁਹੱਈਆ ਕਰਵਾਉਣ ਦੀ ਪਹਿਲ ਕੀਤੀ ਗਈ ਸੀ। ਇਸ ਕਿੱਟ ਵਿੱਚ ਪਲਸ ਆਕਸੀਮੀਟਰ, ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ, ਮਾਸਕ ਦੇ ਨਾਲ ਨਾਲ ਕੋਵਿਡ-19 ਨਾਲ ਸੰਬੰਧਤ ਦਵਾਈਆਂ ਤੇ ਇਲਾਜ ਲਈ ਜਾਗਰੂਕਤਾ ਸਮੱਗਰੀ ਘਰਾਂ ਵਿੱਚ ਇਕਾਂਤਵਾਸ ਮਰੀਜਾਂ ਨੂੰ ਉਪਲਬੱਧ ਕਰਵਾਈ ਗਈ ਸੀ।
ਉਹਨਾਂ ਅਣਚਾਹੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਕੋਵਿਡ-19 ਮਰੀਜਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਅਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਉਹ ਪਲਸ ਆਕਸੀਮੀਟਰਾਂ ਨੂੰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਵਾਪਸ ਭੇਜਣ ਤਾਂ ਜੋ ਸਿਹਤ ਵਿਭਾਗ ਵੱਲੋਂ ਸੈਨੀਟਾਈਜ਼ ਕਰਕੇ ਘਰਾਂ ਵਿੱਚ ਇਕਾਂਤਵਾਸ ਕੋਵਿਡ 19 ਪੋਜ਼ੀਟਿਵ ਮਰੀਜਾਂ ਨੂੰ ਉਪਲਬੱਧ ਕਰਵਾਏ ਜਾ ਸਕਣ।
ਇਹ ਉਪਕਰਨ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ, ਡਿਸਪੈਂਸਰੀਆਂ, ਮੁਢਲਾ ਸਿਹਤ ਕੇਂਦਰਾਂ, ਹੈਲਥ ਵੈਲਨੈਸ ਸੈਂਟਰਾਂ, ਸੀ ਐੱਚ ਸੀਜ ਜਾਂ ਸਿਵਲ ਹਸਪਤਾਲ ਮੋਗਾ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਵੱਲੋਂ ਕੋਵਿਡ-19 ਨਾਲ ਪ੍ਰਭਾਵਿਤ ਹੋਰ ਮਰੀਜਾਂ ਦੀ ਮਦਦ ਕਰਕੇ ਇਸ ਲੜਾਈ ਵਿਰੁੱਧ ਸਹਿਯੋਗ ਕੀਤਾ ਜਾ ਸਕੇਗਾ।
ਉਹਨਾਂ ਦਿਹਾਤੀ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿਚ ਕੇਸ ਵੱਧ ਰਹੇ ਹਨ। ਆਓ ਆਪਾਂ ਪਿੰਡਾਂ ਨੂੰ ਕਰੋਨਾ ਮੁਕਤ ਬਣਾਈਏ। ਉਹਨਾਂ ਪ੍ਰਵਾਸੀ ਭਾਰਤੀਆਂ ਨੂੰ ਵੀ ਅਪੀਲ ਕੀਤੀ ਕਿ ਉਹ
ਕਰੋਨਾ ਮਰੀਜ਼ਾਂ ਦੇ ਇਲਾਜ਼ ਲਈ ਆਕਸੀਜਨ ਕੋਨਸੈਂਨਟਰੇਟਰ ਦੀ ਲੋੜ ਹੈ। ਇਸ ਲਈ ਦਾਨੀ ਸੱਜਣ ਅੱਗੇ ਆਉਣ।
ਉਹਨਾਂ ਕਿਹਾ ਕਿ ਹੁਣ ਬਲੈਕ ਫੰਗਸ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਇਸ ਬਿਮਾਰੀ ਤੋਂ ਵੀ ਬਚਣਾ ਚਾਹੀਦਾ ਹੈ।ਇਸੇ ਤਰ੍ਹਾਂ ਹੁਣ ਡੇਂਗੂ ਦੀ ਵੀ ਆਮਦ ਹੋ ਗਈ ਹੈ। ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਈਏ। ਘਰਾਂ ਅਤੇ ਆਲੇ ਦੁਆਲੇ ਦੀ ਸਫ਼ਾਈ ਰੱਖੀਏ।
ਉਹਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਕੋਵਿਡ ਦੀ ਇਸ ਔਖੀ ਘੜੀ ਵਿੱਚ ਮੋਗਾ ਵਾਸੀਆਂ ਨਾਲ ਖੜਾ ਹੈ ਅਤੇ ਪ੍ਰਸ਼ਾਸ਼ਨ ਮੋਗਾ ਵਾਸੀਆਂ ਤੋਂ ਉਮੀਦ ਕਰਦਾ ਹੈ ਕਿ ਉਹ ਵੀ ਇਸ ਔਖੀ ਘੜੀ ਵਿੱਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਬੇਲੋੜੀ ਮੂਵਮੈਂਟ ਬੰਦ ਕਰਕੇ ਸਰਕਾਰ ਦੇ ਮਿਸ਼ਨ ਫਤਹਿ ਜਿਹੜਾ ਕਿ ਕਰੋਨਾ ਨੂੰ ਮਾਤ ਦੇਣ ਲਈ ਚਲਾਇਆ ਗਿਆ ਹੈ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ।