ਜਲੰਧਰ: ਭਾਰਤੀ ਸਟੇਟ ਬੈਂਕ ਵਲੋਂ ਮਾਸਕ, ਦਸਤਾਨੇ, ਸੈਨੀਟਾਈਜ਼ਰ ਅਤੇ ਹਾਈਪ੍ਰੋਕਲੋਰਾਈਟ ਸਿਵਲ ਸਰਜਨ ਨੂੰ ਭੇਟ
- ਡਿਪਟੀ ਕਮਿਸ਼ਨਰ ਵਲੋਂ ਹੋਰਨਾ ਨੂੰ ਵੀ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਲੜਾਈ ’ਚ ਯੋਗਦਾਨ ਪਾਉਣ ਦਾ ਸੱਦਾ
- ਭਾਰਤੀ ਸਟੇਟ ਬੈਂਕ ਮੁਸ਼ਕਿਲ ਦੀ ਹਰ ਘੜੀ ’ਚ ਸਮਾਜ ਦੇ ਹਰ ਵਰਗ ਨਾਲ ਖੜ੍ਹਾ - ਖੇਤਰੀ ਪ੍ਰਬੰਧਕ ਪ੍ਰਦੀਪ ਕੁਮਾਰ
ਜਲੰਧਰ 25 ਮਈ 2021 - ਦੇਸ ਦੇ ਸਭ ਤੋਂ ਵੱਡੇ ਸਰਵਜਨਕ ਬੈਂਕ ਭਾਰਤੀ ਸਟੇਟ ਬੈਂਕ ਜੋ ਕਿ ਹਰ ਮੁਸ਼ਕਿਲ ਦੀ ਘੜੀ ਵਿੱਚ ਸਮਾਜ ਦੇ ਹਰ ਵਰਗ ਦੇ ਨਾਲ ਖੜ੍ਹਾ ਹੈ ਅਤੇ ਆਪਣੀ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਹਰ ਮੌਕੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ-ਬਰ ਤਿਆਰ ਰਹਿੰਦਾ ਹੈ, ਇਸੇ ਕੜੀ ਨੂੰ ਅੱਗੇ ਤੋਰਦਿਆਂ ਅੱਜ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਸਟੇਟ ਬੈਂਕ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਕੋਰੋਨਾ ਮਹਾਂਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਕੋਰੋਨਾ ਮਰੀਜ਼ਾਂ ਅਤੇ ਡਾਕਟਰਾਂ ਦੀਆਂ ਜਰੂਰਤਾਂ ਨੂੰ ਦੇਖਦੇ ਹੋਏ ਜਰੂਰਤ ਦਾ ਸਮਾਨ ਜਿਵੇਂ ਮਾਸਕ, ਦਸਤਾਨੇ, ਸੈਨੀਟਾਈਜ਼ਰ ਅਤੇ ਸੋਡੀਅਮ ਹਾਈਪ੍ਰੋਕਲੋਰਾਈਟ ਮੁਹੱਈਆ ਕਰਵਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਜ਼ਿਲ੍ਹੇ ਵਿੱਚ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਭਾਰਤੀ ਸਟੇਟ ਬੈਂਕ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾ ਯੋਗ ਹੈ। ਉਨ੍ਹਾਂ ਕਿਹਾ ਕਿ ਬੈਂਕ ਵਲੋਂ ਮੁਹੱਈਆ ਕਰਵਾਏ ਗਏ 15000 ਮਾਸਕ, 15000 ਦਸਤਾਨੇ , 65 ਸੈਨੀਟਾਈਜ਼ਰ ਅਤੇ 400 ਲੀਟਰ ਸੋਡੀਅਮ ਹਾਈਪ੍ਰੋਕਲੋਰਾਈਟ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਸਰਦਾਰ ਢੰਗ ਨਾਲ ਸਾਹਮਣਾ ਕਰਨਾ ਵਿੱਚ ਕੋਰੋਨਾ ਮਰੀਜ਼ਾਂ ਅਤੇ ਡਾਕਟਰਾਂ ਦੀ ਵਰਤੋਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਦੌਰਾਨ ਬੈਂਕ ਵਲੋਂ ਮੁਹੱਈਆ ਕਰਵਾਏ ਗਏ ਇਸ ਸਮਾਨ ਨੁੂੰ ਪੂਰੀ ਸੰਜੀਦੀਗੀ ਨਾਲ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੁੂੰ ਵੀ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੀ ਸਥਿਤੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਜਲਦ ਤੋਂ ਜਲਦ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਬਣਾਇਆ ਜਾ ਸਕੇ।
ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਕ ਸ੍ਰੀ ਪ੍ਰਦੀਪ ਕੁਮਾਰ ਨੇ ਕਿਹਾ ਕਿ ਬੈਂਕ ਵਲੋਂ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਸਮਝਦੇ ਹਨ ਸਮਾਜ ਸੇਵਾ ਦਾ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਭਾਰਤੀ ਸਟੇਟ ਬੈਂਕ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਸਿਵਲ ਸਰਜਨ ਡਾ.ਬਲਵੰਤ ਸਿੰਘ ਵਲੋਂ ਇਸ ਨੇਕ ਕਾਜ ਲਈ ਭਾਰਤੀ ਸਟੇਟ ਬੈਂਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਪਾਇਆ ਗਿਆ ਇਹ ਯੋਗਦਾਨ ਬਹੁਤ ਮਦਦਗਾਰ ਸਿੱਧ ਹੋਵੇਗਾ। ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਮੁੱਖ ਪ੍ਰਬੰਧਕ ਜੇ.ਐਮ.ਕਾਲੀਆ, ਸੁਭਾਸ਼ ਵਰਮਾ ਅਤੇ ਉਪ ਪ੍ਰਬੰਧਕ ਪਵਨ ਬੱਸੀ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਕੇਸ਼ ਚੋਪੜਾ ਤੇ ਹੋਰ ਵੀ ਮੌਜੂਦ ਸਨ।