ਕੋਰੋਨਾ ਕਾਲ ‘ਚ ਬੁਰੇ ਫਸੇ ਰੋਡਵੇਜ਼ ਅਤੇ ਪੀ ਆਰ ਟੀ ਸੀ ਬੱਸਾਂ ਦੇ ਡਰਾਈਵਰ-ਕੰਡਕਟਰ
ਬਲਵਿੰਦਰ ਸਿੰਘ ਧਾਲੀਵਾਲ
- ਸੁਲਤਾਨਪੁਰ ਲੋਧੀ ‘ਚ ਲੋਕਾਂ ਨੇ ਘੇਰੀ ਬੱਸ
ਸੁਲਤਾਨਪੁਰ ਲੋਧੀ 28 ਮਈ 2021 - ਸੁਲਤਾਨਪੁਰ ਲੋਧੀ ਦੇ ਵਿੱਚ ਕੱੱਲ੍ਹ ਅੱਕੇ ਹੋਏ ਲੋਕਾਂ ਨੇ ਨੇੜੇ ਬੀਡੀਪੀਓ ਦਫ਼ਤਰ ਅੱਗੇ ਬਣੇਂ ਬਸ ਅੱਡੇ ਤੇ ਪੀਆਰਟੀਸੀ ਦੀ ਬੱਸ ਘੇਰ ਲਈ ਅਤੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਮਾਮਲਾ ਦਰਅਸਲ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਕਾਲ ਦੇ ਚੱਲਦਿਆਂ ਬੱਸਾਂ ਦੇ ਵਿੱਚ ਸਿਰਫ 25 ਸਵਾਰੀਆਂ ਬੈਠਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ। ਜੇਕਰ ਬੱਸ ਵਿਚ ਇਸ ਤੋਂ ਵੱਧ ਸਵਾਰੀਆਂ ਬੈਠਦੀਆਂ ਹਨ ਤਾਂ ਡਰਾਈਵਰ ਜਾਂ ਕੰਡਕਟਰ ਦਾ 6500 ਰੁਪਏ ਤੱਕ ਦਾ ਚਲਾਨ ਹੈ। ਇਸ ਚਾਲਾਨ ਤੋਂ ਡਰਦੇ ਡਰਾਈਵਰ ਅਤੇ ਕੰਡਕਟਰ ਜਦੋਂ ਇੱਕ ਅੱਡੇ ਤੋਂ ਪੱਚੀ ਸਵਾਰੀਆਂ ਪੂਰੀਆਂ ਕਰ ਲੈਂਦੇ ਹਨ ਤਾਂ ਬਾਕੀ ਸਾਰੀਆਂ ਸਵਾਰੀਆਂ ਖਡ਼੍ਹੀਆਂ ਦੀਆਂ ਖੜ੍ਹੀਆਂ ਹੀ ਛੱਡ ਜਾਂਦੇ ਹਨ। ਇਸ ਸਭ ਦਰਮਿਆਨ ਸਵਾਰੀਆਂ ਵੀ ਬਹੁਤ ਪਰੇਸ਼ਾਨ ਹਨ ਇਸੇ ਪਰੇਸ਼ਾਨੀ ਦੇ ਚਲਦਿਆਂ ਹੀ ਸਵਾਰੀਆਂ ਨੇ ਸੁਲਤਾਨਪੁਰ ਲੋਧੀ ਦੇ ਵਿਚ PRTC ਦੀ ਬੱਸ ਘੇਰ ਲਈ। ਬਹੁਤ ਸਾਰੀਆਂ ਸਵਾਰੀਆਂ ਬੱਸ ਦੇ ਮੂਹਰੇ ਖੜੀਆਂ ਹੋ ਕੇ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਣ ਲੱਗ ਗਈਆਂ। ਮਾਮਲਾ ਗੰਭੀਰ ਹੁੰਦਾ ਦੇਖ ਡਰਾਈਵਰ ਅਤੇ ਕੰਡਕਟਰ ਨੇ ਪੱਚੀ ਤੋਂ ਵੱਧ ਸਵਾਰੀਆਂ ਬਿਠਾ ਕੇ ਆਖ਼ਰਕਾਰ ਕਪੂਰਥਲੇ ਨੂੰ ਬੱਸ ਤੋਰ ਲਈ।
ਇਸ ਮਾਮਲੇ ਨੂੰ ਦੇਖ ਪੱਤਰਕਾਰਾਂ ਨੇ ਜਦੋਂ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਸੀ ਕਿ ਜੇਕਰ ਇੱਕ ਬੱਸ ਵਿੱਚ ਸਿਰਫ਼ 25 ਸਵਾਰੀਆਂ ਹੀ ਜਾ ਸਕਦੀਆਂ ਹਨ ਤਾਂ ਇਹ ਹਰ ਰੂਟ ਉੱਤੇ ਬੱਸਾਂ ਵਧਾਈਆਂ ਜਾਂਦੀਆਂ । ਸਵਾਰੀਆਂ ਨੇ ਕਿਹਾ ਕਿ ਘੰਟੇ-ਘੰਟੇ, ਦੋ-ਦੋ ਘੰਟੇ ਬਾਅਦ ਜੇਕਰ ਕੋਈ ਬੱਸ ਆਉਂਦੀ ਹੈ ਤਾਂ ਉਹ ਸਵਾਰੀਆਂ ਨੂੰ ਬਿਠਾ ਕੇ ਨਹੀਂ ਲਿਜਾਂਦੀ। ਉਨ੍ਹਾਂ ਕਿਹਾ ਕਿ ਨੌਕਰੀ-ਪੇਸ਼ਾ ਲੋਕ ਜੇਕਰ ਨੌਕਰੀ ਤੋਂ ਘੰਟਾ ਲੇਟ ਹੋ ਜਾਂਦੇ ਹਨ ਤਾਂ ਗ਼ੈਰਹਾਜ਼ਰੀ ਲੱਗ ਜਾਂਦੀ ਹੈ। ਇਸੇ ਤਰ੍ਹਾਂ ਹੋਰ ਕੰਮਾਂਕਾਰਾਂ ਵਾਲੇ ਲੋਕਾਂ ਦਾ ਕਾਫੀ ਆਰਥਿਕ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿ ਪ੍ਰਾਈਵੇਟ ਬੱਸਾਂ ਵਾਲੇ ਬੱਸਾਂ ਪੂਰੀ ਲੱਦ-ਲੱਦ ਕੇ ਲਿਜਾ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ! ਸਰਕਾਰੀ ਬੱਸਾਂ ਵਿਚ ਬੈਠੀਆਂ ਸਵਾਰੀਆਂ ਨੂੰ ਹੀ ਰੋਕ ਕੇ ਤੰਗ ਅਤੇ ਪ੍ਰੇਸ਼ਾਨ ਕਿਉਂ ਕੀਤਾ ਜਾਂਦਾ ਹੈ?
ਇਸ ਸਭ ਦਰਮਿਆਨ ਜਦੋਂ ਸਾਡੇ ਪੱਤਰਕਾਰ ਨੇ ਬੱਸ ਕੰਡਕਟਰ ਨਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਹੀ ਦੱਸੋ ਅਸੀਂ ਕੀ ਕਰੀਏ ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਜੇਕਰ ਇੱਕ ਬੱਸ ਵਿੱਚ 25 ਤੋਂ ਵੱਧ ਸਵਾਰੀਆਂ ਹੁੰਦੀਆਂ ਹਨ ਤਾਂ ਡਰਾਈਵਰ ਅਤੇ ਕੰਡਕਟਰ ਦਾ 6500 ਰੁਪਏ ਦਾ ਚਲਾਨ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਸਾਡੇ ਉੱਤੇ ਪਰਚਾ ਵੀ ਕੱਟਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਅਤੇ ਰੋਡਵੇਜ਼ ਕੋਲ ਮੌਜੂਦਾ ਸਮੇਂ ਵਿੱਚ ਸਿਰਫ਼ ਤੇ ਸਿਰਫ਼ 850 ਬੱਸਾਂ ਹੀ ਹਨ। ਇਸੇ ਤਰ੍ਹਾਂ ਪ੍ਰਾਈਵੇਟ ਮੈਨੇਜਮੈਂਟ(PUN BUS) ਬੱਸਾਂ ਦੀ ਗਿਣਤੀ ਵੀ 800 ਸੌ ਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਏਨੀਆਂ ਬੱਸਾਂ ਨਾਲ ਪੰਜਾਬ ਦੇ ਵਿੱਚ ਪੱਚੀ ਸਵਾਰੀਆਂ ਬਿਠਾ ਕੇ ਸਰਵਿਸ ਕਿਸੇ ਹਾਲ ਵੀ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਸਹੀ ਸਰਵਿਸ ਦੇਣੀ ਹੈ ਤਾਂ ਘੱਟ ਤੋਂ ਘੱਟ 10 ਹਜ਼ਾਰ ਸਰਕਾਰੀ ਬੱਸਾਂ ਚਾਹੀਦੀਆਂ ਹਨ।