ਨਿਰੰਕਾਰੀ ਮਿਸ਼ਨ ਵੱਲੋਂ ਲਾਏ ਕੈਂਪ ’ਚ 193 ਜਣਿਆਂ ਦਾ ਟੀਕਾਕਰਨ
ਅਸ਼ੋਕ ਵਰਮਾ
ਬਠਿੰਡਾ,29ਮਈ 2021:ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਅੱਜ ਜੋਨਲ ਇੰਚਾਰਜ ਬਠਿੰਡਾ ਐਸ ਪੀ ਦੁੱਗਲ ਦੀ ਅਗਵਾਈ ਹੇਠ ਸੰਤ ਨਿਰੰਕਾਰੀ ਸਤਸੰਗ ਭਵਨ ਬਠਿੰਡਾ ਵਿਖੇ ਕਰੋਨਾ ਮਹਾਮਾਰੀ ਤੋਂ ਬਚਾਓ ਸਬੰਧੀ ਦੂਸਰੀ ਵਾਰ ਲਾਏ ਮੁਫ਼ਤ ਟੀਕਾਕਰਨ ਕੈਂਪ ’ਚ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ 193 ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ।
ਇਸ ਕੈਂਪ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ। ਸੰਤ ਨਿਰੰਕਾਰੀ ਮਿਸ਼ਨ ਦੇ ਸਥਾਨਕ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੌਕੇ ਡਾ: ਨੇਹਾ ਗੋਇਲ ਅਤੇ ਉਨ੍ਹਾਂ ਦੀ ਟੀਮ ਨੇ ਸੇਵਾਵਾਂ ਦਿੱਤੀਆਂ ਅਤੇ ਟੀਕਾਕਰਨ ਕੈਂਪ ਲਗਾਉਣ ’ਤੇ ਨਿਰੰਕਾਰੀ ਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 193 ਵਿਅਕਤੀਆਂ ਨੇ ਕੋਵਿਡ-19 ਤੋਂ ਬਚਣ ਲਈ ਟੀਕੇ ਲੁਆਏ ਹਨ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਨ ਦਾ ਵਾਅਦਾ ਕੀਤਾ ਹੈ ਤਾਂ ਜੋ ਮਹਾਂਮਾਰੀ ਦੀ ਰੋਕਥਾਮ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਨਿਰੰਕਾਰੀ ਮਿਸ਼ਨ ਵਲੋਂ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ’ਚ ਖੂਨਦਾਨ ਕੈਂਪ, ਸਫ਼ਾਈ ਅਭਿਆਨ, ਰੁੱਖ ਲਗਾਓ ਮੁਹਿੰਮ, ਕੁਦਰਤੀ ਆਫ਼ਤਾਂ ਤੋਂ ਬਚਾਓ ਕਾਰਜ ਅਤੇ ਲਾਕਡਾਉਂਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਦੀਆ ਕਿੱਟਾਂ ਵੰਡਣ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ’ਚ ਵੀ ਅਜਿਹੀਆਂ ਸੇਵਾਵਾਂ ਅੱਗੇ ਵੀ ਨਿਰੰਤਰ ਜਾਰੀ ਰਹਿਣ ਰਹਿਗੀਆਂ। ਬਠਿੰਡਾ ਦੇ ਪ੍ਰਬੰਧਕਾਂ ਅਤੇ ਸੇਵ ਦਲ ਨੇ ਡਾਕਟਰਾਂ, ਨਰਸਾਂ, ਆਸ਼ਾ ਵਰਕਰਾਂ ਅਤੇ ਟੀਕਾਕਰਨ ਕਰਵਾਉਣ ਆਏ ਸਾਰੇ ਸੱਜਣਾ ਦਾ ਧੰਨਵਾਦ ਕੀਤਾ।