ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਵਲੋਂ ਆਕਸੀਜਨ ਕਨਸਨਟ੍ਰੇਟਰ ਬੈਂਕ ਸਥਾਪਤ
- 33 ਮਸ਼ੀਨਾਂ ਨਾਲ ਸ਼ੁਰੂਆਤ, ਲੋੜਵੰਦ ਮਰੀਜਾਂ ਨੂੰ ਮਿਲੇਗੀ ਮੁਫ਼ਤ ਸਹੂਲਤ
- ਕਨਸਨਟ੍ਰੇਟਰ ਦੇਣ ਅਤੇ ਵਰਤੋਂ ’ਤੇ ਨਜ਼ਰਸਾਨੀ ਲਈ ਕਮੇਟੀ ਗਠਿਤ
ਹੁਸ਼ਿਆਰਪੁਰ, 25 ਮਈ: ਕੋਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਨੂੰ ਹੁਣ ਆਕਸੀਜਨ ਕਨਸਨਟ੍ਰੇਟਰ ਦੀ ਲੋੜ ਪੈਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਇਹ ਸਹੂਲਤ ਮੁਫ਼ਤ ਪ੍ਰਦਾਨ ਕਰੇਗਾ ਜਿਸ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਥਾਨਕ ਰੈਡ ਕਰਾਸ ਸੋਸਾਇਟੀ ਕੰਪਲੈਕਸ ਵਿਖੇ ਆਕਸੀਜਨ ਕਨਸਨਟ੍ਰੇਟਰ ਬੈਂਕ ਦੀ ਸਥਾਪਤੀ ਨਾਲ ਕਰਵਾਈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨ ਫਾਊਂਡੇਸ਼ਨ, ਸਰਬੱਤ ਦਾ ਭਲਾ ਟਰੱਸਟ ਅਤੇ ਹੋਰਨਾਂ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਪਹਿਲੇ ਪੜਾਅ ਵਿੱਚ 33 ਕਨਸਨਟ੍ਰੇਟਰ ਮਰੀਜਾਂ ਦੀ ਸਹੂਲਤ ਲਈ ਰੱਖੇ ਗਏ ਹਨ ਅਤੇ ਆਉਂਦੇ ਦਿਨਾਂ ਵਿੱਚ ਇਨ੍ਹਾਂ ਦੀ ਗਿਣਤੀ ਹੋਰ ਵਧਾਈ ਜਾਵੇਗੀ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਆਕਸੀਜਨ ਕਨਸਨਟ੍ਰੇਟਰ ਬੈਂਕ ਦੀ ਸ਼ੁਰੂਆਤ ਮੌਕੇ ਦੱਸਿਆ ਕਿ ਮਰੀਜ਼ਾਂ ਨੂੰ ਮੁਫ਼ਤ ਸਹੂਲਤ ਅਤੇ ਇਨ੍ਹਾਂ ਮਸ਼ੀਨਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਿੱਚ ਸਕੱਤਰ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੂੰ ਕੋਆਰਡੀਨੇਟਰ ਅਤੇ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਅਫ਼ਸਰ ਡਾ. ਸੁਨੀਲ ਅਹੀਰ ਦੇ ਨਾਲ ਸਮਾਜ ਸੇਵਕ ਆਗਿਆ ਪਾਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਵਲੋਂ ਲੋੜਵੰਦ ਮਰੀਜਾਂ ਨੂੰ ਇਹ ਕਨਸਨਟ੍ਰੇਟਰ 7 ਤੋਂ 10 ਦਿਨ ਜਾਂ ਫਿਰ ਕਮੇਟੀ ਵਲੋਂ ਦਿੱਤੇ ਸਮੇਂ ਤੱਕ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਨਸਨਟ੍ਰੇਟਰ ਲਿਜਾਣ ਅਤੇ ਵਾਪਸ ਪੁੱਜਦਾ ਕਰਨ ਦੀ ਸਾਰੀ ਜ਼ਿੰਮੇਵਾਰੀ ਮਰੀਜ ਦੇ ਪਰਿਵਾਰਕ ਮੈਂਬਰਾਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਮੈਂਬਰਾਂ ਨਾਲ ਤਾਲਮੇਲ ਕਰਕੇ ਲੋੜਵੰਦ ਮਰੀਜ ਕਨਸਨਟ੍ਰੇਟਰ ਘਰ ਲਿਜਾ ਸਕਣਗੇ।
ਬਾਕਸ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਆਉਂਦੇ ਸਮੇਂ ਵਿੱਚ ਕੋਰੋਨਾ ਦੇ ਮਰੀਜਾਂ ਨੂੰ ਲੋੜੀਂਦੀ ਹਰ ਸਹੂਲਤ ਆਸਾਨੀ ਨਾਲ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਵਲੋਂ ਲਿਖੀ ਸਲਿੱਪ, ਮਰੀਜ ਅਤੇ ਉਸ ਦੀ ਦੇਖਭਾਲ ਕਰਨ ਵਾਲੇ ਦਾ ਆਧਾਰ ਦੀ ਕਾਪੀ ਦੇਣ ਅਤੇ ਕਮੇਟੀ ਵਲੋਂ ਦਿੱਤਾ ਫਾਰਮ ਭਰ ਕੇ ਇਹ ਸਹੂਲਤ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਸੋਸਾਇਟੀ ਦਾ ਸਟਾਫ਼ ਅਤੇ ਵਲੰਟੀਅਰਾਂ ਵਲੋਂ ਕਨਸਨਟ੍ਰੇਟਰ ਲੈ ਕੇ ਜਾਣ ਵਾਲੇ ਮਰੀਜਾਂ ਦੇ ਘਰਾਂ ਵਿੱਚ ਜਾ ਕੇ ਕਨਸਨਟ੍ਰੇਟਰ ਦੀ ਵਰਤੋਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਮਰੀਜਾਂ ਦਾ ਹਾਲਚਾਲ ਵੀ ਪੁੱਛਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਕਨਸਨਟ੍ਰੇਟਰ ਦੀ ਲੋੜ ਪੈਣ ’ਤੇ ਉਹ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 98556-10345 ’ਤੇ ਸੰਪਰਕ ਕਰ ਸਕਦਾ ਹੈ।