ਡਾਕਟਰ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਨੂੰ 5 ਆਕਸੀਜਨ ਕਨਸਨਟ੍ਰੇਟਰਜ਼ ਦਾਨ
ਪਰਵਿੰਦਰ ਸਿੰਘ ਕੰਧਾਰੀ
- ਆਸ ਜਤਾਈ ਕਿ ਇਹ ਕੋਵਿਡ ਮਹਾਂਮਾਰੀ ਦੌਰਾਨ ਜਰੂਰਤਮੰਦ ਲੋਕਾਂ ਲਈ ਵੱਡੀ ਰਾਹਤ ਹੋਵੇਗੀ
ਫਰੀਦਕੋਟ 26 ਮਈ 2021 - ਮਾਨਵਤਾ ਦੀ ਸੇਵਾ ਵਿੱਚ ਇਕ ਨਵੀਂ ਮਿਸਾਲ ਕਾਇਮ ਕਰਦਿਆਂ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਇਕ ਸਹਾਇਕ ਪ੍ਰੋਫੈਸਰ ਵਲੋਂ ਆਪਣੇ ਸਾਧਨਾਂ ਤੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ (ਬੀ.ਐਫ.ਯੂ.ਐਚ. ਐਸ.) ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਦੀ ਸਹਾਇਤਾ ਲਈ 10 ਲੀਟਰ ਦੇ 5 ਆਕਸੀਜਨ ਕੰਨਸਨਟ੍ਰੇਟਰਜ਼ ਦਾਨ ਕੀਤੇ ਗਏ ।
ਡਾ.ਮਨਰਾਜ ਕੰਗ ਚੌਥੀ ਪੀੜ੍ਹੀ ਦੇ ਡਾਕਟਰ ਹਨ ਜੋ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਸਹਾਇਕ ਪ੍ਰੋਫੈਸਰ ਰੈਡੀਏਸ਼ਨ ਓਨਕਲੌਜੀ ਵਜੋਂ ਸੇਵਾਵਾਂ ਨਿਭਾ ਰਹੇ ਹਨ ਵਲੋਂ ਯੂ.ਐਸ.ਏ. ਵਿੱਚ ਰਹਿੰਦੇ ਆਪਣੇ ਐਨ.ਆਰ.ਆਈ. ਚਾਚੇ (ਅੰਕਲ) ਦੀ ਇਹ ਆਕਸੀਜਨ ਕੰਨਸਨਟ੍ਰੇਟਰਜ਼ ਖਰੀਦ ਕਰਨ ਵਿੱਚ ਮਦਦ ਲਈ ਗਈ ਅਤੇ ਹਰੇਕ ਆਕਸੀਜਨ ਕੰਨਸਨਟ੍ਰੇਟਰਜ਼ ਦੀ ਕੀਮਤ 1 ਲੱਖ ਰੁਪਏ ਹੈ। ਡਾਕਟਰ ਨੇ ਦੇਖਿਆ ਕਿ ਲੋਕਾਂ ਨੂੰ ਆਕਸੀਜਨ ਕੰਟਸਨਟ੍ਰੇਟਰ ਹਾਸਿਲ ਕਰਨ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਜਿਸ ਦੇ ਚਲਦਿਆਂ ਉਸ ਨੇ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਪਣੇ ਸਾਧਨਾਂ ਨੂੰ ਜੁਟਾਉਣਾ ਸ਼ੁਰੂ ਕੀਤਾ ਅਤੇ ਇਹ ਸਭ ਉਦੋਂ ਹੋਇਆ ਜਦੋਂ ਸੱਚਮੁੱਚ ਹੀ ਕੋਵਿਡ-19 ਦੇ ਵੱਧ ਰਹੇ ਕੇਸਾਂ ਕਰਕੇ ਆਕਸੀਜਨ ਕੰਨਸਨਟ੍ਰੇਟਰਾਂ ਦੀ ਕਮੀ ਪੇਸ਼ ਆ ਰਹੀ ਸੀ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਸ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੂੰ ਇਹ ਆਕਸੀਜਨ ਕੰਨਸਨਟ੍ਰੇਟਰਜ਼ ਸੌਂਪਦਿਆਂ ਸਹਾਇਕ ਪ੍ਰੋਫੈਸਰ ਨੇ ਕਿਹਾ ਕਿ ਇਹ ਮਨੁੱਖਤਾ ਦੀ ਇਹ ਸੱਚੀ ਸੇਵਾ ਹੈ ਜਦੋਂ ਕਿ ਲੋਕਾਂ ਨੂੰ ਇਨ੍ਹਾਂ ਕੰਨਸਨਟ੍ਰੇਟਰਾਂ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਖੁਸ਼ੀ-ਖੁਸ਼ੀ ਤੇ ਉਤਸ਼ਾਹ ਨਾਲ ਸੇਵਾ ਕਰਨ ਦਾ ਜਜਬਾ ਉਨ੍ਹਾਂ ਦੇ ਪਰਿਵਾਰ ਦੇ ਖੂਨ ਵਿੱਚ ਹੀ ਹੈ ਕਿਉਂ ਜੋ ਉਨ੍ਹਾਂ ਦਾ ਪਰਿਵਾਰ ਪਿਛਲੀਆਂ ਚਾਰ ਪੀੜ੍ਹੀਆਂ ਤੋਂ ਮਾਨਵਤਾ ਦੇ ਸੇਵਾ ਵਿੱਚ ਸਭ ਤੋਂ ਵੱਧ ਪਵਿੱਤਰ ਮੰਨੇ ਜਾਂਦੇ ਡਾਕਟਰੀ ਪੇਸ਼ੇ ਨਾਲ ਜੁੜਿਆ ਹੋਇਆ ਹੈ ਅਤੇ ਉਨਾਂ ਦੇ ਪੜਦਾਦਾ ਮੇਜਰ ਡਾ.ਸਾਵਨ ਕੰਗ, ਦਾਦਾ ਡਾ.ਮਹਿੰਦਰ ਸਿੰਘ ਕੰਗ ਸਿਹਤ ਸੇਵਾਵਾਂ ਪੰਜਾਬ ਵਿੱਚ ਸਾਬਕਾ ਡਾਇਰੈਕਟਰ ਰਹੇ ਹਨ , ਉਨ੍ਹਾਂ ਦੀ ਮਾਤਾ ਡਾ.ਅੰਦੇਸ਼ ਕੰਗ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਅਤੇ ਪਿਤਾ ਡਾ.ਰਾਜਬੀਰ ਸਿੰਘ ਕੰਗ ਜ਼ਿਲ੍ਹਾ ਸਿਹਤ ਅਫ਼ਸਰ ਮੋਹਾਲੀ ਦੇ ਤੌਰ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਥੋਂ ਤੱਕ ਕਿ ਉਨਾਂ ਦੀ ਪਤਨੀ ਡਾ.ਤਰਨਜੀਤ ਕੌਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸੀਨੀਅਰ ਰੈਜੀਡੈਂਟ ਰੇਡੀਓ ਡਾਇਗਨੌਸਿਸ ਸਨ।
ਡਾ.ਕੰਗ ਨੇ ਕਿਹਾ ਕਿ ਆਪਣੇ ਬਜੁਰਗਾਂ ਵਲੋਂ ਮਾਨਵਤਾ ਦੀ ਸੇਵਾ ਦੇ ਦਿਖਾਏ ਗਏ ਮਾਰਗ ਤੋਂ ਪ੍ਰੇਰਿਤ ਹੋ ਕੇ ਅਤੇ ਉਸ ’ਤੇ ਚਲਦਿਆਂ ਇਸ ਔਖੇ ਸਮੇਂ ਵਿੱਚ ਲੋਕਾਂ ਦੀ ਬਹਿਤਰੀ ਲਈ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਵਤਾ ਦੀ ਇਹ ਸੇਵਾ ਉਨਾ ਨੂੰ ਮਾਨਸਿਕ ਤੌਰ ’ਤੇ ਸਕੂਨ ਪ੍ਰਦਾਨ ਕਰਦੀ ਹੈ।
ਇਸ ਮੌਕੇ ਡਾ.ਕੰਗ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਾਈਸ ਚਾਂਸਲਰ ਡਾ.ਰਾਜ ਬਹਾਦਰ ਨੇ ਕਿਹਾ ਕਿ ਇਸ ਨੇਕ ਕਾਜ ਨਾਲ ਹੋਰਨਾਂ ਨੂੰ ਵੀ ਮਾਨਤਵਾ ਦੀ ਸੇਵਾ ਦੀ ਪ੍ਰੇਰਣਾ ਮਿਲੇਗੀ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਰਾਹਤ ਪਹੁੰਚਾਉਣ ਤੋਂ ਇਲਾਵਾ ਇਹ ਉਪਰਾਲਾ ਭਵਿੱਖ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਵੀ ਸਹਾਈ ਸਿੱਧ ਹੋਵੇਗਾ। ਡਾ.ਰਾਜ ਬਹਾਦਰ ਨੇ ਕਿਹਾ ਕਿ ਸਾਡੇ ਸਭ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਇਕੱਠੇ ਹੋ ਕੇ ਕੋਵਿਡ ਮਹਾਂਮਾਰੀ ਦਾ ਸਾਹਮਣਾ ਕਰੀਏ ਤਾਂ ਜੋ ਇਸ ਅਦ੍ਰਿਸ਼ ਦੁਸ਼ਮਣ ਦੇ ਖਿਲਾਫ਼ ਜੰਗ ਜਿੱਤ ਸਕੀਏ। ਉਨ੍ਹਾਂ ਹੋਰਨਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਮਾਨਵਤਾ ਦੀ ਸੇਵਾ ਲਈ ਵੱਧ ਤੋਂ ਵੱਧ ਅੱਗੇ ਆਉਣ ਤਾਂ ਜੋ ਸੰਕਟ ਦੀ ਇਸ ਘੜੀ ਵਿੱਚ ਜਰੂਰਤ ਮੰਦ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਪਹੁੰਚਾਈ ਜਾ ਸਕੇ।
ਇਸ ਮੌਕੇ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਡਾ. ਰੂਹੀ ਦੁੱਗ ਆਈ.ਏ.ਐਸ., ਸਿਵਲ ਸਰਜਨ ਡਾ. ਸੰਜੇ ਕਪੂਰ, ਡਾ. ਮਨਜੀਤ ਕੌਰ ਸਹਾਇਕ ਸਿਵਲ ਸਰਜਨ, ਡਾ. ਤਰਨਜੀਤ ਕੌਰ ਸਮੇਤ ਹੋਰ ਡਾਕਟਰ ਵੀ ਹਾਜ਼ਰ ਸਨ