ਗਊਸ਼ਾਲਾਵਾਂ ਦੇ ਗਵਾਲਿਆਂ ਤੇ ਪ੍ਰਬੰਧਕਾਂ ਦੇ ਕੋਵਿਡ ਟੀਕਾਕਰਨ ਦੀ ਸਮਾਣਾ ਤੋਂ ਸ਼ੁਰੂਆਤ - ਸਚਿਨ ਸ਼ਰਮਾ
ਕੁਲਵੰਤ ਸਿੰਘ ਬੱਬੂ
ਸਮਾਣਾ, 29 ਮਈ 2021 - ਰਾਜ ਦੀਆਂ ਗਊਸ਼ਾਲਾਵਾਂ 'ਚ ਸੇਵਾ ਕਰਦੇ ਗਵਾਲਿਆਂ ਤੇ ਗਊਸ਼ਾਲਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਮਿਸ਼ਨ ਫ਼ਤਹਿ ਤਹਿਤ ਕੋਵਿਡ ਤੋਂ ਬਚਾਅ ਲਈ ਟੀਕਾ ਲਗਵਾਉਣ ਦੀ ਸ਼ੁਰੂਆਤ ਅੱਜ ਸਮਾਣਾ ਤੋਂ ਹੋਈ। ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਜਿਸ ਤਰ੍ਹਾਂ ਕਮਿਸ਼ਨ ਵੱਲੋਂ ਵੱਖ-ਵੱਖ ਸਮੇਂ 'ਤੇ ਗਊਧਨ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਹੀ ਗਊਸ਼ਾਲਾਵਾਂ 'ਚ ਗਊਧਨ ਦੀ ਸੇਵਾ ਸੰਭਾਲ ਕਰਨ ਵਾਲਿਆਂ ਸਮੇਤ ਇਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਣ ਲਈ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਦੀ ਬੇਹੱਦ ਲੋੜ ਸੀ, ਜਿਸ ਲਈ ਅੱਜ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਦੇ ਸਹਿਯੋਗ ਨਾਲ ਸਥਾਨਕ ਗਊਸ਼ਾਲਾ 'ਚ ਕੋਵਿਡ ਵੈਕਸੀਨੇਸ਼ਨ ਦਾ ਟੀਕਾਕਰਨ ਕੈਂਪ ਲਗਾਇਆ ਗਿਆ।
ਜਿਕਰਯੋਗ ਹੈ ਕਿ ਚੇਅਰਮੈਨ ਸਚਿਨ ਸ਼ਰਮਾ ਨੇ ਪਿਛਲੇ ਦਿਨੀਂ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਰਾਜ ਦੀਆਂ ਗਊਸ਼ਾਲਾਵਾਂ 'ਚ ਸੇਵਾ ਕਰਦੇ ਗਵਾਲਿਆਂ ਤੇ ਗਊਸ਼ਾਲਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਵਾਉਣ ਲਈ ਕਿਹਾ ਸੀ। ਡਿਪਟੀ ਕਮਿਸ਼ਨਰਜ, ਜੋ ਕਿ ਜ਼ਿਲ੍ਹਾ ਗਊ ਭਲਾਈ ਸੋਸਾਇਟੀ ਦੇ ਅਹੁਦੇ ਵਜੋਂ ਚੇਅਰਮੈਨ ਹੁੰਦੇ ਹਨ, ਨੂੰ ਸ੍ਰੀ ਸ਼ਰਮਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਅਧੀਨ ਆਉਣ ਵਾਲੀਆਂ ਸਾਰੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਗਊਸ਼ਾਲਾਵਾਂ 'ਚ ਸੇਵਾ ਕਰਨ ਵਾਲਿਆਂ ਨੂੰ ਇਸ ਭਿਆਨਕ ਮਹਾਂਮਾਰੀ ਕੋਵਿਡ-19 ਤੋਂ ਬਚਾਅ ਲਈ ਵੈਕਸੀਨੇਸ਼ਨ ਦੇ ਪ੍ਰਬੰਧ ਕੀਤੇ ਜਾਣ।
ਅੱਜ ਸਮਾਣਾ ਦੀ ਗਊਸ਼ਾਲਾ ਵਿਖੇ ਮਿਸ਼ਨ ਫ਼ਤਹਿ-2.0 ਤਹਿਤ ਲਗਾਏ ਗਏ ਕੋਵਿਡ ਟੀਕਾਕਰਨ ਕੈਂਪ ਮੌਕੇ ਕਰਨ ਗੌੜ, ਗਿਆਨ ਚੰਦ ਕਟਾਰੀਆ, ਰਵੀ ਆਰਿਆ, ਵਿਆਨ ਚੰਦ ਪੁਸ਼ਆ, ਦਰਸ਼ਨ ਵਧਵਾ, ਅਸ਼ੋਕ ਢੀਂਗਰਾ, ਮਹੇਸ਼ ਕੁਮਾਰ, ਪਰਵੀਨ ਅਨੇਜਾ, ਹੈਰੀ ਅਰੋੜਾ, ਅਸ਼ੋਕ ਖੇਤਰਪਾਲ, ਮਿੰਟੂ ਚਾਵਲਾ ਤੋਂ ਇਲਾਵਾ ਕਮੇਟੀ ਮੈਂਬਰ ਤੇ ਗਊ ਸੇਵਾ ਨਾਲ ਜੁੜੇ ਹੋਰ ਲੋਕ ਮੌਜੂਦ ਸਨ।
ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਗਊਧਨ ਦੀ ਸੰਭਾਲ ਕਰਨ ਵਾਲੇ ਦੁੱਧ ਚੋਣ ਵਾਲੇ ਗਵਾਲੇ ਆਦਿ ਦੁੱਧ ਲੋਕਾਂ ਦੇ ਘਰਾਂ ਤੱਕ ਪੁੱਜਦਾ ਕਰਦੇ ਹਨ, ਇਸ ਤੋਂ ਵੱਡੀ ਗਿਣਤੀ ਆਮ ਲੋਕ ਵੀ ਗਊਸ਼ਾਲਾਵਾਂ 'ਚ ਦੁੱਧ ਲੈਣ ਲਈ ਆਉਂਦੇ ਹਨ, ਜਿਸ ਲਈ ਇਨ੍ਹਾਂ ਦਾ ਟੀਕਾਕਰਨ ਬਹੁਤ ਜਰੂਰੀ ਹੈ, ਜਿਸ ਲਈ ਇਹ ਕੈਂਪ ਲਗਾਇਆ ਗਿਆ, ਇਸ ਲਈ ਉਹ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਜ਼ਿਲ੍ਹਾ ਸਿਹਤ ਵਿਭਾਗ ਦਾ ਵੀ ਧੰਨਵਾਦ ਕਰਦੇ ਹਨ।