'ਕੋਵਿਡ ਮੁਕਤ ਪਿੰਡ' ਮੁਹਿੰਮ ਤਹਿਤ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਤੇ ਐਮ ਐਲ ਏ ਕੰਬੋਜ ਪਿਲਖਣੀ ਤੇ ਸ਼ਾਮਦੋ ਗ੍ਰਾਮ ਪੰਚਾਇਤਾਂ ਨੂੰ ਮਿਲੇ
ਕੁਲਵੰਤ ਸਿੰਘ ਬੱਬੂ
- ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਵੀਡੀਓ ਕਾਲ ਰਾਹੀਂ ਸਰਪੰਚਾਂ ਨੂੰ ਆਪਣੇ ਪਿੰਡ ਬਚਾਉਣ ਲਈ ਕਿਹਾ
- ਕੋਵਿਡ ਤੇ ਟੀਕਾਕਰਨ ਵਿਰੁੱਧ ਭਰਮ ਫੈਲਾਉਣ ਵਾਲੇ ਮਾਨਵਤਾ ਦੇ ਦੁਸ਼ਮਣ- ਚੰਦਰ ਗੈਂਦ
- ਰਾਜਪੁਰਾ ਸਿਵਲ ਹਸਪਤਾਲ 'ਚ ਆਕਸੀਜਨ ਪਲਾਂਟ ਦਾ ਕੰਮ ਜਲਦ ਹੋਵੇਗਾ ਮੁਕੰਮਲ-ਵਿਧਾਇਕ ਕੰਬੋਜ
ਰਾਜਪੁਰਾ, 22 ਮਈ 2021 - ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਵੱਲੋਂ ਅਰੰਭ ਕੀਤੀ ਗਈ 'ਕੋਵਿਡ ਮੁਕਤ ਪਿੰਡ' ਮੁਹਿੰਮ ਨੂੰ ਸਫ਼ਲ ਬਣਾਉਣ ਲਈ ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਅੱਜ ਸ੍ਰੀ ਗੈਂਦ ਨਾਲ ਮਿਲਕੇ ਰਾਜਪੁਰਾ ਦੇ ਦੋ ਵੱਡੇ ਪਿੰਡਾਂ ਪਿਲਖਣੀ ਅਤੇ ਸ਼ਾਮਦੋ ਵਿਖੇ ਗ੍ਰਾਮ ਪੰਚਾਇਤਾਂ ਤੇ ਪਿੰਡ ਵਾਸੀਆਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਦਿਆਂ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਤ ਕੀਤਾ।
ਇਸ ਦੌਰਾਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਵੀਡੀਓ ਕਾਲ ਰਾਹੀਂ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕਰਕੇ ਪਿੰਡਾਂ ਨੂੰ ਕੋਵਿਡ ਤੋਂ ਬਚਾਉਣ ਲਈ ਪਿੰਡਾਂ ਦੀ ਰਾਖੀ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੋਵਿਡ ਟੀਕਾਕਰਨ ਸਮੇਤ ਕੋਵਿਡ ਦੀ ਲਾਗ ਤੋਂ ਪੀੜਤ ਮਰੀਜਾਂ ਦੀ ਸੰਭਾਲ ਤੇ ਇਲਾਜ ਲਈ ਹਰ ਪੱਖੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਕੋਵਿਡ ਨਾਲ ਲੜਾਈ ਜਿੱਤਣ ਲਈ ਮਾਸਕ ਪਾਉਣ, ਹੱਥ ਧੋਣ ਤੇ ਸੈਨੇਟਾਈਜ ਕਰਨ ਸਮੇਤ ਵੈਕਸੀਨੇਸ਼ਨ ਕਰਵਾਏ ਜਾਣ ਨੂੰ ਸਭ ਤੋਂ ਵੱਡੇ ਹਥਿਆਰ ਦੱਸਦਿਆਂ ਗ੍ਰਾਮ ਪੰਚਾਇਤਾਂ ਨੂੰ ਕਿਹਾ ਕਿ ਕੋਵਿਡ ਪ੍ਰਤੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਅਤੇ ਕੋਵਿਡ ਟੀਕਾਕਰਨ ਬਾਰੇ ਲੋਕਾਂ 'ਚ ਭਰਮ ਪੈਦਾ ਕਰਨ ਵਾਲੇ ਮਾਨਵਤਾ ਦੇ ਦੁਸ਼ਮਣ ਹਨ। ਸ੍ਰੀ ਗੈਂਦ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੇਂਡੂ ਮਿਸ਼ਨ ਫ਼ਤਹਿ ਤਹਿਤ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੀਆਂ ਗ੍ਰਾਮ ਪੰਚਾਇਤਾਂ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕਰਨ ਦੇ ਨਾਲ-ਨਾਲ ਸਰਪੰਚਾਂ ਨੂੰ ਕੋਵਿਡ ਤੋਂ ਬਚਾਅ ਲਈ ਆਪਣੇ ਪਿੰਡਾਂ 'ਚ 5 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਖ਼ਰਚ ਕਰਨ ਦੇ ਅਧਿਕਾਰ ਵੀ ਦਿੱਤੇ ਹਨ।
ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਸਿਹਤ ਨੂੰ ਤਵੱਜੋਂ ਦਿੱਤੀ ਹੈ, ਜਿਸ ਤਹਿਤ ਰਾਜਪੁਰਾ ਦੇ ਏ.ਪੀ.ਜੈਨ ਸਿਵਲ ਹਸਪਤਾਲ ਦੀ ਕਾਂਇਆ ਕਲਪ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਹਸਪਤਾਲ 'ਚ ਲੱਗ ਰਿਹਾ ਆਕਸੀਜਨ ਦਾ ਪਲਾਂਟ ਬਹੁਤ ਜਲਦ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਸ੍ਰੀ ਕੰਬੋਜ ਨੇ ਹੋਰ ਕਿਹਾ ਕਿ ਇੱਥੇ ਸੀ.ਟੀ. ਸਕੈਨ ਮਸ਼ੀਨ ਵੀ ਅਗਲੇ ਦਿਨਾਂ 'ਚ ਚਾਲੂ ਕੀਤੀ ਜਾ ਰਹੀ ਹੈ ਜਦਕਿ ਏ.ਪੀ. ਜੈਨ ਹਸਪਤਾਲ 'ਚ ਡਿਜ਼ੀਟਲ ਐਕਸਰੇ ਤੇ ਡਾਇਲਿਸਿਸ ਮਸ਼ੀਨ ਪਹਿਲਾਂ ਹੀ ਚਾਲੂ ਹੈ। ਸ੍ਰੀ ਕੰਬੋਜ ਨੇ ਦੱਸਿਆ ਕਿ ਹਲਕਾ ਰਾਜਪੁਰਾ 'ਚ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ 7 ਕੈਂਪ ਲਗਾਤਾਰ ਲਗਾਏ ਜਾ ਰਹੇ ਹਨ।
ਇਸ ਦੌਰਾਨ ਪਿੰਡ ਪਿਲਖਣੀ ਦੇ ਸਰਪੰਚ ਬੂਟਾ ਸਿੰਘ ਅਤੇ ਪਿੰਡ ਸ਼ਾਮਦੋ ਦੇ ਸਰਪੰਚ ਵਰਸ਼ਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਜਿੱਥੇ ਲੋਕਾਂ ਨੂੰ ਕੋਵਿਡ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਕੈਂਪ ਵੀ ਲਗਾਏ ਗਏ ਹਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਸੀਨੀਅਰ ਮੀਤ ਪ੍ਰਧਾਨ ਅਮਰਦੀਪ ਸਿੰਘ ਨਾਗੀ, ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਬਲਦੇਵ ਸਿੰਘ ਗੱਦੋਮਾਜਰਾ, ਐਸ.ਐਮ.ਓ. ਡਾ. ਕੁਸ਼ਲਦੀਪ ਕੌਰ, ਤਹਿਸੀਲਦਾਰ ਰਮਨਦੀਪ ਕੌਰ, ਨਾਇਬ ਤਹਿਸੀਲਦਾਰ ਰਾਜੀਵ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।