ਜਲੰਧਰ: ਡੀ ਸੀ ਵਲੋਂ ਕੋਵਿਡ ਨਾਲ ਮੌਤ ਹੋਣ ’ਤੇ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਲਈ ਮੁਫ਼ਤ ਮੌਰਚਰੀ ਵੈਨ ਦੀ ਸ਼ੁਰੂਆਤ
ਜਲੰਧਰ 25 ਮਈ 2021 - ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕੋਵਿਡ ਦੇ ਮਰੀਜ਼ਾਂ ਨੂੰ ਕੋਵਿਡ ਕਰਕੇ ਮੌਤ ਹੋ ਜਾਣ ’ਤੇ ਮ੍ਰਿਤਕ ਦੇਹ ਨੂੰ ਲੈ ਕੇ ਜਾਣ ਲਈ ਮੁਫ਼ਤ ਮੌਰਚਰੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਵੈਨ ਲਈ ਫੰਡ ਸੂਬਾ ਸਰਕਾਰ ਵਲੋਂ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੈਨ ਵਲੋਂ ਕੋਵਿਡ ਕਰਕੇ ਮੌਤ ਹੋਣ ’ਤੇ ਮੈਡੀਕਲ ਪ੍ਰੋਟੋਕਾਲ ਤਹਿਤ ਮੁਫ਼ਤ ਸੇਵਾਵਾ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਜਲੰਧਰ ਡਾ.ਬਲਵੰਤ ਸਿੰਘ ਨੇ ਕਿਹਾ ਕਿ 9.80 ਲੱਖ ਦੀ ਲਾਗਤ ਵਾਲੀ ਇਸ ਵੈਨ ਨੂੰ ਕੋਵਿਡ ਕਰਕੇ ਮੌਤ ਹੋਣ ’ਤੇ ਸੇਵਾ ਕਰਨ ਦੇ ਮਕਸਦ ਤਹਿਤ ਸਿਵਲ ਹਸਪਤਾਲ ਜਲੰਧਰ ਵਿਖੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੈਨ ਵਲੋਂ ਕੋਵਿਡ ਕਰਕੇ ਮੌਤ ਹੋਣ ’ਤੇ ਮ੍ਰਿਤਕ ਦੇਹ ਨੂੰ ਸ਼ਮਸਾਨ ਘਾਟ ਤੱਕ ਲੈ ਕੇ ਜਾਇਆ ਜਾਵੇਗਾ , ਜਿਥੇ ਮੈਡੀਕਲ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਪੂਰੇ ਸਨਮਾਨ ਤੇ ਰੀਤੀ ਰਿਵਾਜਾਂ ਅਨੁਸਾਰ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਰਾਕੇਸ਼ ਚੋਪੜਾ ਅਤੇ ਡਾ.ਰਾਜੀਵ ਗੁਪਤਾ ਵੀ ਹਾਜ਼ਰ ਸਨ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਕਰਕੇ ਮੌਤ ਹੋਣ ’ਤੇ ਲੋੜਵੰਦ ਤੇ ਗਰੀਬ ਪਰਿਵਾਰਾਂ ਦੀ ਸਹਾਇਤਾ ਲਈ ਪਹਿਲਾਂ ਹੀ ਹੈਲਪਲਾਈਨ ਨੰਬਰ 0181-2224417 ਜਾਰੀ ਕੀਤਾ ਜਾ ਚੁੱਕਾ ਹੈ।