- ਹਾਈਵੇ ’ਤੇ ਧਰਨੇ ਦੌਰਾਨ ਧੱਕੇ ਨਾਲ ਗੱਡੀ ਲੰਘਾ ਰਹੇ ਕਾਂਗਰਸੀ ਸਰਪੰਚ ਦੀ ਕਿਸਾਨਾਂ ਨਾਲ ਤਕਰਾਰ, ਕੱਢਿਆ ਰਿਵਾਲਵਰ, ਵੀਡੀਓ ਸ਼ੋੋਸ਼ਲ ਮੀਡੀਆ ’ਤੇ ਵਾਇਰਲ
ਕਮਲਜੀਤ ਸਿੰਘ ਸੰਧੂ
ਬਰਨਾਲਾ, 24 ਮਈ 2021 - ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਲਗਾਤਾਰ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਪੱਕਾ ਮੋਰਚਾ ਬਰਨਾਲਾ-ਚੰਡੀਗੜ ਕੌਮੀ ਮਾਰਗ ’ਤੇ ਬਡਬਰ ਟੌਲ ਪਲਾਜ਼ਾ ’ਤੇ ਲੱਗਿਆ ਹੋਇਆ ਹੈ। ਜਿੱਥੇ ਟੌਲ ਪਲਾਜ਼ਾ ਮੁਲਾਜ਼ਮਾਂ ਦੀਆਂ ਟੌਲ ਕੰਪਨੀ ਵਲੋਂ ਤਨਖ਼ਾਹਾਂ ਨਾ ਦਿੱਤੇ ਜਾਣ ਦੇ ਰੋਸ ’ਚ ਕਿਸਾਨ ਜੱਥੇਬੰਦੀ ਵਲੋਂ ਰੋਡ ’ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਜਾਮ ਦੌਰਾਨ ਬਰਨਾਲਾ ਜ਼ਿਲੇ ਨਾਲ ਸਬੰਧੀ ਇੱਕ ਪਿੰਡ ਦੇ ਕਾਂਗਰਸੀ ਸਰਪੰਚ ਦੀ ਲੰਘਣ ਨੂੰ ਲੈ ਕੇ ਕਿਸਾਨਾਂ ਨਾਲ ਤਕਰਾਰ ਹੋ ਗਈ। ਇਹ ਤਕਰਾਰ ਏਨੀ ਵਧ ਗਈ ਕਿ ਕਾਂਗਰਸੀ ਸਰਪੰਚ ਨੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਧੱਕੇ ਨਾਲ ਗੱਡੀ ਕਿਸਾਨਾਂ ਦੇ ਜਾਮ ਵਿੱਚੋਂ ਲੰਘਾਉਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਕਾਂਗਰਸੀ ਸਰਪੰਚ ਦੀ ਗੱਡੀ ਦਾ ਟਾਇਰ ਇੱਕ ਔਰਤ ਦੀ ਲੱਤ ’ਤੇ ਚੜ ਗਿਆ। ਜਿਸਤੋਂ ਬਾਅਦ ਰੋਸ ’ਚ ਆਏ ਕਿਸਾਨਾਂ ਵਲੋਂ ਕਾਂਗਰਸੀ ਸਰਪੰਚ ਦੀ ਗੱਡੀ ਦਾ ਸ਼ੀਸਾ ਭੰਨ ਦਿੱਤਾ ਗਿਆ।
ਮਾਹੌਲ ਨੂੰ ਸ਼ਾਂਤਮਈ ਕਰਨ ਲਈ ਪੁਲਿਸ ਵਲੋਂ ਕਾਂਗਰਸੀ ਸਰਪੰਚ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਧਨੌਲਾ ਲਿਜਾਇਆ ਗਿਆ। ਇਸ ਸਾਰੇ ਮਾਮਲੇ ਦੀ ਵੀਡੀਓ ਸ਼ੋਸ਼ਲ ਮੀਡੀਏ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਕਾਂਗਰਸੀ ਸਰਪੰਚ ਆਪਣਾ ਰਿਵਾਲਵਰ ਦਿਖਾ ਕੇ ਕਿਸਾਨਾਂ ਨਾਲ ਬਹਿਸ ਕਰ ਰਿਹਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬੀ ਕੇ ਯੂ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਉਹਨਾਂ ਦਾ ਬਡਬਰ ਟੌਲ ਪਲਾਜ਼ਾ ’ਤੇ ਧਰਨਾ ਲੱਗਿਆ ਹੋਇਆ ਸੀ। ਜਿਸ ਦੌਰਾਨ ਪਿੰਡ ਕਲਾਲਾ ਦਾ ਕਾਂਗਰਸੀ ਸਰਪੰਚ ਧੱਕੇ ਨਾਲ ਕਿਸਾਨਾਂ ਦੇ ਧਰਨੇ ਵਿੱਚੋਂ ਗੱਡੀ ਲੰਘਾਉਣ ਦੀ ਕੋਸ਼ਿਸ ਕਰ ਰਿਹਾ ਸੀ। ਜਿਸ ਦੌਰਾਨ ਉਸ ਵਲੋਂ ਜਿੱਥੇ ਗੱਡੀ ਇੱਕ ਔਰਤ ਦੀ ਲੱਤ ’ਤੇ ਚੜਾ ਦਿੱਤੀ ਗਈ ਅਤੇ ਰਿਵਾਲਵਰ ਕੱਢ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ ਕੀਤੀ ਗਈ। ਜਿਸ ਕਰਕੇ ਧਰਨੇ ’ਚ ਹਾਜ਼ਰ ਨੌਜਵਾਨ ਨੇ ਉਸਨੂੰ ਘੇਰ ਲਿਆ। ਜਿਸ ਕਰਕੇ ਕਾਂਗਰਸੀ ਸਰਪੰਚ ਅਤੇ ਕਿਸਾਨਾਂ ਦਰਮਿਆਨ ਤਕਰਾਰ ਹੋ ਗਈ। ਕਿਸਾਨਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਗੱੱਡੀ ’ਚ ਸਵਾਰ ਕਾਂਗਰਸੀ ਸਰਪੰਚ ਕਿਸੇ ਐਮਰਜੈਂਸੀ ਅੰਤਿਮ ਸਸਕਾਰ ’ਤੇ ਜਾ ਰਿਹਾ ਸੀ। ਪਰ ਉਸਦਾ ਵਤੀਰਾ ਚੰਗਾ ਨਹੀਂ ਸੀ। ਕਿਸੇ ਵੀ ਜਿੰਮੇਵਾਰ ਵਿਅਕਤੀ ਨੂੰ ਇਸ ਤਰਾਂ ਰਿਵਾਲਵਰ ਦਿਖਾ ਕੇ ਨਹੀਂ ਡਰਾਉਣਾ ਚਾਹੀਦਾ। ਉਹਨਾਂ ਦੱਸਿਆ ਕਿ ਘਟਨਾ ਉਪਰੰਤ ਕਾਂਗਰਸੀ ਸਰਪੰਚ ਵਲੋਂ ਆਪਣੀ ਗਲਤੀ ਦਾ ਅਹਿਸਾਸ ਕਰ ਲਿਆ ਗਿਆ। ਜਿਸ ਕਰਕੇ ਇਹ ਮਾਮਲਾ ਸਮਾਪਤ ਹੋ ਗਿਆ।
ਉਧਰ ਇਸ ਸਬੰਧੀ ਬਰਨਾਲਾ ਦੇ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਦੀ ਹੈ। ਜਿੱਥੇ ਇੱਕ ਵਿਅਕਤੀ ਆਪਣੀ ਕਾਰ ਕਿਸਾਨਾਂ ਦੇ ਧਰਨੇ ਵਿੱਚੋਂ ਲੰਘਾ ਰਿਹਾ ਸੀ। ਜਿਸ ਦੌਰਾਨ ਉਸਦੀ ਗੱਡੀ ਇੱਕ ਔਰਤ ਨਾਲ ਲੱਗ ਗਈ। ਜਿਸਤੋਂ ਬਾਅਦ ਕਿਸਾਨਾਂ ਵਲੋਂ ਰੋਕ ਲਿਆ ਗਿਆ। ਪੁਲਿਸ ਵਲੋਂ ਤੁਰੰਤ ਉਸਨੂੰ ਥਾਣਾ ਧਨੌਲਾ ਵਿਖੇ ਲਿਆਂਦਾ ਗਿਆ। ਗੱਡੀ ਚਾਲਕ ਵਿਅਕਤੀ ਵਲੋਂ ਕਿਸਾਨਾਂ ਤੋਂ ਆਪਣੀ ਗਲਤੀ ਦਾ ਅਹਿਸਾਸ ਕਰਨ ’ਤੇ ਮਾਮਲਾ ਨਿਬੜ ਗਿਆ ਹੈ। ਵਾਇਰਲ ਵੀਡੀਓ ’ਚ ਕਾਂਗਰਸੀ ਸਰਪੰਚ ਵਲੋਂ ਰਿਵਾਲਵਰ ਦਿਖਾਏ ਜਾਣ ’ਤੇ ਡੀਐਸਪੀ ਬਰਨਾਲਾ ਨੇ ਦੱਸਿਆ ਕਿ ਰਿਵਾਲਵਰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜਿਸਦੀ ਜਾਂਚ ਜਾਰੀ ਹੈ।