ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 28 ਮਈ 2021 - ਕੋਰੋਨਾ ਦੇ ਪ੍ਰਕੋਪ ਅਤੇ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਦੇਖਦਿਆਂ ਹੋਇਆਂ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦਿੱਲੀ ਵੱਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਆਕਸੀਜਨ ਕਾਂਸਨਟ੍ਰੇਟਰ ਮਸ਼ੀਨਾਂ ਭੇਜੀਆਂ ਜਾ ਰਹੀਆਂ ਹਨ |ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਕਾਮ ਦੇ ਗਵਰਨਿੰਗ ਕੌਂਸਲ ਦੇ ਮੈਂਬਰ ਅਤੇ ਪੰਜਾਬ ਇੰਚਾਰਜ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਨਿਸ਼ਕਾਮ ਦੇ ਪ੍ਰਧਾਨ ਨਰਿੰਦਰ ਸਿੰਘ ਦਿੱਲੀ ਦੀ ਅਗਵਾਈ ਵਿੱਚ ਦੇਸ ਵਿਦੇਸ਼ ਵਸਦੇ ਸਹਿਯੋਗੀਆਂ ਦੇ ਸਹਿਯੋਗ ਨਾਲ ਨਿਸ਼ਕਾਮ ਵੱਲੋਂ ਹੁਣ ਤੱਕ 46 ਆਕਸੀਜਨ ਕਾਂਸਨਟ੍ਰੇਟਰ ਮਸ਼ੀਨਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਨੂੰ ਭੇਜੀਆਂ ਗਈਆਂ ਹਨ |ਇਹ ਮਸ਼ੀਨਾਂ ਪ੍ਰਤੀ ਮਰੀਜ਼ 7 ਦਿਨ ਲਈ ਬਿਨਾਂ ਕਿਸੇ ਕਿਰਾਏ ਦੇ ਦਿੱਤੀਆਂ ਜਾਂਦੀਆਂ ਹਨ ਅਤੇ ਲੋੜ ਪੈਣ 'ਤੇ ਮਰੀਜ਼ ਨੂੰ ਵੱਧ ਦਿਨਾਂ ਲਈ ਵੀ ਜਾਰੀ ਕੀਤੀ ਜਾ ਸਕਦੀ ਹੈ|
ਉਹਨਾਂ ਦੱਸਿਆ ਕਿ ਹੁਣ ਤੱਕ ਫਰੀਦਕੋਟ ਤੋਂ ਇਲਾਵਾ ਕੋਟਕਪੂਰਾ, ਜੈਤੋ, ਧਾਰੀਵਾਲ, ਮੁਕਤਸਰ, ਨਵਾਂ ਸ਼ਹਿਰ, ਮੁਕੰਦਪੁਰ, ਅਬੋਹਰ, ਪੱਟੀ, ਫਗਵਾੜਾ, ਮਾਨਸਾ, ਮੋਗਾ ਅਤੇ ਫਿਰੋਜ਼ਪੁਰ ਵਿਖੇ ਮਸ਼ੀਨਾਂ ਦੀ ਸੇਵਾ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਰ ਵੱਲੋਂ ਦਸਮੇਸ਼ ਹਸਪਤਾਲ ਫਰੀਦਕੋਟ, ਗੁਰਦੁਆਰਾ ਖਾਲਸਾ ਦੀਵਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ, ਗੁਰਦੇਵ ਚੈਰੀਟੇਬਲ ਫਾਊਾਡੇਸ਼ਨ, ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ, ਅਕਾਲ ਫਾਊਾਡੇਸ਼ਨ ਆਦਿ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ|
ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਆਕਸੀਜਨ ਕਾਂਸਨਟ੍ਰੇਟਰ ਮਸ਼ੀਨਾਂ ਵੀ ਪੰਜਾਬ ਪਹੁੰਚ ਜਾਣਗੀਆਂ ਅਤੇ ਪੰਜਾਬ ਦੇ ਰਹਿੰਦੇ ਇਲਾਕਿਆਂ ਵਿੱਚ ਵੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ |ਇਸ ਤੋਂ ਬਿਨਾਂ ਕੋਵਿਡ ਅਤੇ ਖੇਤੀ ਕਰਜ਼ੇ ਕਰਕੇ ਜਾਨ ਗਵਾਉਣ ਵਾਲੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਕਿੱਤਾਮੁਖੀ ਪੜ੍ਹਾਈ-ਲਿਖਾਈ ਦੇ ਲਈ ਵੀ ਜਲਦੀ ਹੀ ਨਿਸ਼ਕਾਮ ਵੱਲੋਂ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਜਿੰਨ੍ਹਾਂ ਲੋੜਵੰਦ ਪਰਿਵਾਰਾਂ ਦੇ ਮੁਖੀ ਕੋਵਿਡ ਕਰਕੇ ਜਾਨ ਗਵਾ ਚੁੱਕੇ ਹਨ ਜਾਂ ਜਿੰਨ੍ਹਾਂ ਦੇ ਕੰਮ ਕਾਰ ਕੋਵਿਡ ਕਰਕੇ ਠੱਪ ਹੋ ਗਏ ਹਨ, ਉਹਨਾਂ ਪਰਿਵਾਰਾਂ ਲਈ ਮਹੀਨਾਵਾਰ ਰਾਸ਼ਨ ਦੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ |ਇਸ ਮੌਕੇ 'ਤੇ ਹਾਜਰ ਇੰਜ: ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਮੁਕਤਸਰ, ਗੁਰਮੀਤ ਸਿੰਘ ਪੱਟੀ, ਸੁਖਜੀਤ ਸਿੰਘ, ਅੰਗਰੇਜ਼ ਸਿੰਘ ਮਾਨਸਾ, ਸਲਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਨੇ ਨਿਸ਼ਕਾਮ ਸਿੱਖ ਵੈੱਲਫੇਅਰ ਕੌਂਸਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਅਹੁਦੇਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ|