ਫਰੀਦਕੋਟ: ਸਿਹਤ ਸੈਕਟਰ ਨਾਲ ਸਬੰਧਿਤ ਕੋਰਸਾਂ 'ਚ ਸ਼ੁਰੂ ਕੀਤੀ ਜਾਵੇਗੀ ਸਕਿੱਲ ਟਰੇਨਿੰਗ - ਏ ਡੀ ਸੀ
ਪਰਵਿੰਦਰ ਸਿੰਘ ਕੰਧਾਰੀ
- ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿਲ੍ਹੇ ਵਿੱਚ ਸਿਹਤ ਸੁਵਿਧਾਵਾਂ ਵਧਾਉਣ ਲਈ ਸਿਹਤ ਸੈਕਟਰ ਨਾਲ ਸਬੰਧਿਤ ਕੋਰਸਾਂ ਵਿੱਚ ਨੋਜਵਾਨਾਂ ਲਈ ਮੁਫਤ ਵਿੱਚ ਸੁਰੂ ਕੀਤੀ ਜਾਵੇਗੀ ਸਕਿੱਲ ਟਰੇਨਿੰਗ -ਗੁਰਜੀਤ ਸਿੰਘ
ਫਰੀਦਕੋਟ 25 ਮਈ 2021 - ਵਧੀਕ ਡਿਪਟੀ ਕਮਿਸ਼ਨਰ (ਜ)-ਕਮ- ਨੋਡਲ ਅਫਸਰ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ, ਸ ਗੁਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿਲ੍ਹੇ ਦੇ ਹਸਪਤਾਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਸਿਹਤ ਸੁਵਿਧਾਵਾਂ ਵਿੱਚ ਵਾਧਾ ਕਰਨ ਲਈ ਸਰਕਾਰ ਦੁਆਰਾ ਨੋਜਵਾਨਾਂ ਲਈ ਸਿਹਤ ਸੈਕਟਰ ਨਾਲ ਸਬੰਧਿਤ 6 ਕੋਰਸਾਂ ਵਿੱਚ ਸਕਿੱਲ ਟਰੇਨਿੰਗ ਸੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਕੋਰਸ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ-3 ਤਹਿਤ ਚਲਾਏ ਜਾਣਗੇ। ਇਨ੍ਹਾਂ ਕੋਰਸਾਂ ਦਾ ਸਮਾਂ ਨਵੇਂ ਉਮੀਦਵਾਰਾਂ ਲਈ 21 ਦਿਨ ਦਾ ਹੋਵੇਗਾ ਅਤੇ ਉਮੀਦਵਾਰਾਂ ਦੀ ਟਰੇਨਿੰਗ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਸਿਹਤ ਸੰਸਥਾਵਾ ਵਿੱਚ ਕੰਮ ਤੇ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਿਹਤ ਸੈਕਟਰ ਵਿੱਚ ਪਹਿਲਾਂ ਤੋ ਹੀ ਕੰਮ ਕਰ ਰਹੇ ਉਮੀਦਵਾਰਾਂ, ਜਿਨ੍ਹਾ ਕੋਲ ਕੋਈ ਸਰਟੀਫਿਕੇਟ ਨਹੀ ਹੈ, ਨੂੰ ਵੀ ਆਰ.ਪੀ.ਐਲ. (ਰਿਕੋਗਨਾਈਜੇਸ਼ਨ ਆਫ ਪਰੀਰੀਅਰ ਟਰੇਨਿੰਗ) ਤਹਿਤ 7 ਦਿਨਾਂ ਦੀ ਟਰੇਨਿੰਗ ਦੇ ਕੇ ਸਰਟੀਫਾਈ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਆਪਣੀ ਇੱਕ ਵਿਸੇਸ਼ ਕਿੱਤਾ ਮੁੱਖੀ ਵਜੋਂ ਪਹਿਚਾਣ ਬਣ ਸਕੇ ਅਤੇ ਉਹ ਆਪਣੀਆਂ ਸੇਵਾਵਾਂ ਹੋਰ ਵਧੀਆ ਤਰੀਕੇ ਨਾਲ ਨਿਭਾ ਸਕਣ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਨੋਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਜਿੱਥੇ ਉਮੀਦਵਾਰਾਂ ਨੂੰ ਰੋਜਗਾਰ ਪ੍ਰਾਪਤ ਹੋਵੇਗਾ ਉਸਦੇ ਨਾਲ-ਨਾਲ ਇਸ ਮਹਾਂਮਾਰੀ ਦੋਰਾਨ ਸਮਾਜ ਸੇਵਾ ਕਰਨ ਦਾ ਮੋਕਾ ਵੀ ਪ੍ਰਾਪਤ ਹੋਵੇਗਾ।
ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ., ਫ਼ਰੀਦਕੋਟ ਸ੍ਰੀਮਤੀ ਗਗਨ ਸ਼ਰਮਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਐਂਮਰਜੈਂਸੀ ਮੈਡੀਕਲ ਟੈਕਨੀਸ਼ੀਅਨ-ਬੇਸਿਕ, ਜਨਰਲ ਡਿਊਟੀ ਅਸਿਸਟੈਂਟ, ਜੀ.ਡੀ.ਏ.-ਅਡਵਾਂਸਡ (ਕ੍ਰਿਟੀਕਲ ਕੇਅਰ), ਹੋਮ ਹੈਲਥ ਏਡ, ਮੈਡੀਕਲ ਇਕੁਇਪਮੈਂਟ ਟੈਕਨਾਲੋਜੀ ਐਸਿਸਟੈਂਟ, ਫਿਲੇਬੋਟਮਿਸਟ ਆਦਿ ਕੋਰਸ ਹਨ, ਜੋ ਕਿ ਸਰਕਾਰ ਵੱਲੋਂ ਬਿਲਕੁਲ ਮੁਫਤ ਵਿੱਚ ਕਰਵਾਏ ਜਾਣਗੇ। ਟਰੇਨਿੰਗ ਦੋਰਾਨ ਪੜਨ ਲਈ ਕਿਤਾਬਾਂ ਆਦਿ ਵੀ ਮੁਹੱਇਆ ਕਰਵਾਈ ਜਾਣਗੀਆਂ। ਜਿਹੜੇ ਉਮੀਦਵਾਰ ਇਹ ਕੋਰਸ ਕਰਕੇ ਰੋਜਗਾਰ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਹੋਰ ਜਾਣਕਾਰੀ ਲਈ 94782 -37668 ਫੋਨ ਨੰਬਰ ਉੱਪਰ ਸੰਪਰਕ ਕਰ ਸਕਦੇ ਹਨ।