ਅਰੋੜਾ ਨੇ ਸ਼ਹਿਰ ਦੀਆਂ ਮੁੱਖ ਥਾਵਾਂ ਅਤੇ ਬਜ਼ਾਰਾਂ ’ਚ ਕਰਵਾਈ ਸੈਨੇਟਾਈਜ਼ਰ ਸਪਰੇਅ
- ਕੋਵਿਡ ਨੂੰ ਖਤਮ ਕਰਨ ਲਈ ਐਨ.ਆਰ.ਆਈ. ਭਰਾਵਾਂ ਦੇ ਉਪਰਾਲੇ ਦੀ ਸ਼ਲਾਘਾ
- ਸਿਵਲ ਲਾਈਨ ਤੋਂ ਹੁੰਦੇ ਹੋਏ ਕਚਹਿਰੀ ਚੌਕ, ਸੈਸ਼ਨ ਚੌਕ, ਘੰਟਾ ਘਰ ਤੇ ਮੁੱਖ ਬਜ਼ਾਰਾਂ ’ਚ ਹੋਇਆ ਸੈਨੇਟਾਈਜ਼ਰ ਦਾ ਛਿੜਕਾਅ
ਹੁਸ਼ਿਆਰਪੁਰ, 27 ਮਈ: ਕੋਰੋਨਾ ਨੂੰ ਮਾਤ ਪਾਉਣ ਲਈ ਅੱਜ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪ੍ਰਵਾਸੀ ਭਾਰਤੀਆਂ ਵਲੋਂ ਚਲਾਈ ਜਾ ਰਹੀ ਸੈਨੇਟਾਈਜ਼ਰ ਦੇ ਛਿੜਕਾਅ ਦੀ ਮੁਹਿੰਮ ਤਹਿਤ ਖੁਦ ਟਰੈਕਟਰ ਚਲਾ ਕੇ ਸ਼ਹਿਰ ਦੇ ਮੁੱਖ ਬਜ਼ਾਰਾਂ, ਕਚਹਿਰੀ ਚੌਕ ਦੇ ਆਲੇ-ਦੁਆਲੇ ਅਤੇ ਉਹ ਥਾਵਾਂ ਜਿਥੇ ਲੋਕਾਂ ਦੀ ਆਵਾਜਾਈ ਵਧੇਰੇ ਰਹਿੰਦੀ ਹੈ ਵਿਖੇ ਸੈਨੇਟਾਈਜ਼ਰ ਦਾ ਸਪਰੇਅ ਕਰਾਇਆ ਗਿਆ।
ਵਰਲਡ ਵਾਈਡ ਸਕੋਪ ਵੈਲਫੇਅਰ ਸੋਸਾਇਟੀ, ਯੂ.ਕੇ. ਵਲੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਕੀਤੇ ਜਾ ਰਹੇ ਸੈਨੇਟਾਈਜਰ ਸਪਰੇਅ ਦੀ ਸ਼ਲਾਘਾ ਕਰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕੋਰੋਨਾ ਖਿਲਾਫ਼ ਫਤਿਹ ਪਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਆਵਾਜਾਈ ਵਾਲੇ ਖੇਤਰਾਂ ਵਿੱਚ ਕੋਵਿਡ ਸਲਾਹਕਾਰੀਆਂ ਦੀ ਪਾਲਣਾ ’ਚ ਕੋਈ ਢਿੱਲ ਨਾ ਵਰਤਣ ਅਤੇ ਮਾਸਕ ਪਹਿਨਣ, ਬਣਦੀ ਦੂਰੀ ਬਣਾ ਕੇ ਰੱਖਣ, ਸਮੇਂ-ਸਮੇਂ ’ਤੇ ਹੱਥ ਧੋਣ ਦੇ ਨਾਲ-ਨਾਲ ਨਿਰਧਾਰਤ ਗਿਣਤੀ ਦੀ ਉਲੰਘਣਾ ਨਾ ਕਰਨ। ਉਦਯੋਗ ਮੰਤਰੀ ਨੇ ਪਿੰਦੂ ਜੌਹਲ ਅਤੇ ਸਤਨਾਮ ਬਾਹਰਾ ਯੂ.ਕੇ. ਵਲੋਂ ਚਲਾਈ ਜਾ ਰਹੀ ਇਹ ਮੁਹਿੰਮ, ਜਿਸ ਦੀ ਦੇਖਰੇਖ ਤਰਲੋਚਨ ਸਿੰਘ ਜੌਹਲ ਪਿੰਡ ਘੁੜਕਾ ਵਲੋਂ ਕੀਤੀ ਜਾ ਰਹੀ ਹੈ, ਤਹਿਤ ਆਪਣੀ ਸਿਵਲ ਲਾਈਨ ਸਥਿਤ ਰਿਹਾਇਸ਼ ਤੋਂ ਟਰੈਕਟਰ ਚਲਾ ਕੇ ਕਚਹਿਰੀ ਚੌਕ, ਸੈਸ਼ਨ ਚੌਕ, ਘੰਟਾ ਘਰ ਚੌਕ ਆਦਿ ਬਜ਼ਾਰਾਂ ਵਿੱਚ ਸਪਰੇਅ ਕਰਵਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ ਆਦਿ ਮੌਜੂਦ ਸਨ।