ਫਰੀਦਕੋਟ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੋਵਿਡ ਟੀਕਾਕਰਨ ਮੁਹਿੰਮ ਦਾ ਅੰਕੜਾ ਇੱਕ ਲੱਖ ਤੋ ਪਾਰ - ਡੀ ਸੀ
ਪਰਵਿੰਦਰ ਸਿੰਘ ਕੰਧਾਰੀ
- ਡਿਪਟੀ ਕਮਿਸ਼ਨਰ ਵੱਲੋਂ ਵਪਾਰਕ, ਸਮਾਜਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ, ਪੰਚਾਇਤਾਂ ਦੇ ਸਹਿਯੋਗ ਲਈ ਧੰਨਵਾਦ
- ਸਮੂਹ ਸੰਸਥਾਵਾਂ ਨੇ ਜ਼ਿਲਾ ਪ੍ਰਸ਼ਾਸਨ , ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਇਆਂ
ਫਰੀਦਕੋਟ, 23 ਮਈ 2021 - ਜ਼ਿਲ੍ਹੇ ਵਿਚ ਕੋਵਿਡ ਮਹਾਮਾਰੀ ਨੂੰ ਮਾਤ ਦੇਣ ਹਿੱਤ ਪ੍ਰਸ਼ਾਸਨ ਵੱਲੋਂ ਟੀਕਾਕਰਨ ਮੁਹਿੰਮ ਨੂੰ ਵਿਆਪਕ ਰੂਪ ਵਿੱਚ ਚਲਾਇਆ ਜਾ ਰਿਹਾ ਹੈ, ਅਤੇ ਇਸ ਟੀਕਾਕਰਨ ਮੁਹਿੰਮ ਵਿੱਚ ਜਿਲ੍ਹੇ ਦੀਆਂ ਸਮੂਹ ਸੰਸਥਾਵਾਂ , ਪੰਚਾਇਤਾਂ ਨੇ ਜ਼ਿਲਾ ਪ੍ਰਸ਼ਾਸਨ , ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਇਆਂ ਜਿਸ ਕਾਰਨ ਜਿਲ੍ਹੇ ਵਿੱਚ ਕਰੋਨਾ ਦੀ ਰੋਕਥਾਮ ਲਈ ਜਾਰੀ ਟੀਕਾਕਰਨ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਚੁੱਕੀ ਹੈ ।
ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਜਿਲ੍ਹਾ ਵਾਸੀਆਂ ਵੱਲੋਂ ਟੀਕਾਕਰਨ ਲਈ ਵਿਖਾਏ ਉਤਸ਼ਾਹ , ਸਹਿਯੋਗ , ਸਿਹਤ ਵਿਭਾਗ ਤੇ ਸਿਵਲ ਪ੍ਰਸਾਸ਼ਨ ਦੀ ਸਿਰਤੋੜ ਮਹਿਨਤ, ਜਾਗਰੂਕਤਾ ਮੁਹਿੰਮ ਤਹਿਤ ਅਸੀਂ ਪੂਰੇ ਰਾਜ ਵਿੱਚ ਟੀਕਾਕਰਨ ਲਈ 14 ਜਿਲ੍ਹਿਆਂ ਤੋ ਅੱਗੇ ਹਾਂ ਤੇ ਪਟਿਆਲ਼ਾ ਦੇ ਬਰਾਬਰ ।
ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਵਿਚ ਜ਼ਿਲੇ ਦੀਆਂ ਵਪਾਰਕ, ਸਮਾਜਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਇਤਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ ਜਿਸ ਕਾਰਨ ਕੱਲ ਤੱਕ ਜਿਲ੍ਹੇ ਵਿੱਚ 103325 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।ਉਨ੍ਹਾਂ ਸਿਹਤ ਵਿਭਾਗ ਸਮੇਤ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹੋਰ ਜਜ਼ਬੇ ਨਾਲ ਕੰਮ ਕਰਕੇ ਜਿਲ੍ਹੇ ਨੂੰ ਟੀਕਾਕਰਨ ਵਿਚ ਪਹਿਲੇ ਨੰਬਰ ਤੇ ਲੈ ਕੇ ਆਉਣ ।ਉਨ੍ਹਾ ਦੱਸਿਆ ਕਿ ਜਿਲ੍ਹੇ ਵਿਚ 86 ਸਰਕਾਰੀ ਤੇ ਪ੍ਰ ਈਵੇਟ ਕੇਂਦਰਾਂ ਤੇ ਟੀਕਾਕਰਨ ਕੀਤਾ ਜਾ ਰਿਹਾ ਹੈ ਤੇ 45 ਸਾਲ ਤੋ ਉਪਰ ਉਮਰ ਵਰਗ ਦੇ ਲੋਕਾਂ ਲਈ ਸਰਕਾਰੀ ਸਿਹਤ ਕੇਂਦਰਾਂ ਤੇ ਇਹ
ਟੀਕਾ ਮੁੱਫਤ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਲੜੀ ਵਿੱਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਜ਼ਿਲੇ ਵਿੱਚ ਤੀਜੇ ਪੜਾਅ ਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਵਿੱਚ 18 ਤੋਂ 44 ਸਾਲ ਦੇ ਉਸਾਰੀ ਕਿਰਤੀਆਂ, ਸਹਿ ਬੀਮਾਰੀਆਂ ਤੋਂ ਪੀੜਿਤ ਵਿਅਕਤੀਆਂ ਅਤੇ ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਜੋ ਪੂਰੀ ਤਰਾਂ ਮੁੱਫਤ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਕੋਵਿਡ ਵੈਕਸੀਨੇਸ਼ਨ ਕੇਂਦਰਾਂ ਨੁੰ ਸਿਹਤ ਸੰਸਥਾਵਾਂ ਵਿੱਚੋਂ ਤਬਦੀਲ ਕਰਕੇ ਵਿਦਿਅਕ ਜਾਂ ਹੋਰ ਸੰਸਥਾਵਾਂ ਵਿਖੇ ਲਿਜਾਇਆ ਗਿਆ ਹੈ ਤਾਂ ਕਿ ਟੀਕਾਕਰਨ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਖੁੱਲੀ ਜਗਾ ਉਪਲੱਬਧ ਕਰਵਾਈ ਜਾ ਸਕੇ ਅਤੇ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾਂ ਦੀ ਰੋਕਥਾਮ ਲਈ ਵੱਧ ਤੋ ਵੱਧ ਟੀਕਾਕਰਨ ਕਰਵਾਉਣ ਅਤੇ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਰਾਧਾ ਸਵਾਮੀ ਸਤਸੰਗ ਕੇਂਦਰ ਫਰੀਦਕੋਟ ਅਤੇ ਕੋਟਕਪੂਰਾ ਦਾ ਦੌਰਾ ਵੀ ਕੀਤਾ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਦੀ ਪ੍ਰਸੰਸਾ ਵੀ ਕੀਤੀ।