ਫਰੀਦਕੋਟ: ਸਿਵਲ ਸਰਜਨ ਵੱਲੋਂ ਮਿਸ਼ਨ ਫਤਿਹ 2 ਤਹਿਤ ਸਰਵੇਖਣ ਜਲਦੀ ਮੁਕੰਮਲ ਕਰਵਾਉਣ ਦੇ ਆਦੇਸ਼
ਪਰਵਿੰਦਰ ਸਿੰਘ ਕੰਧਾਰੀ
- ਪੰਚਾਇਤਾਂ, ਕਲੱਬਾਂ ਤੇ ਹੋਰ ਵਿਭਾਗਾਂ ਦਾ ਲਿਆ ਜਾਵੇ ਸਹਿਯੋਗ- ਡਾ ਸੰਜੇ ਕਪੂਰ
ਫਰੀਦਕੋਟ 26 ਮਈ 2021 - ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ-2 ਤਹਿਤ ਪਿੰਡਾਂ ਨੂੰ ਕਰੋਨਾ ਮੁਕਤ ਬਣਾਉਣ ਲਈ ਕਰੋਨਾ ਮੁਕਤ ਪਿੰਡ ਅਭਿਆਨ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ |ਜਿਸ ਤਹਿਤ ਆਸ਼ਾ ਵਰਕਰਾਂ ,ਸਿਹਤ ਵਿਭਾਗ ਵੱਲੋਂ ਪਿੰਡਾਂ ਵਿਚ ਘਰ-ਘਰ ਜਾ ਕੇ ਜਿਥੇ ਕਰੋਨਾ ਸਬੰਧੀ ਸਰਵੇਖਣ ਕੀਤਾ ਜਾਵੇਗਾ, ਉਥੇ ਹੀ ਲੋਕਾਂ ਨੂੰ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ ਕਰੋਨਾ ਤੋਂ ਬਚਾਅ ਸਬੰਧੀ ਜਾਗਰੁਕ ਵੀ ਕੀਤਾ ਜਾਵੇਗਾ | ਇਹ ਜਾਣਕਾਰੀ ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਨੇ ਅਧਿਕਾਰੀਆਂ ਨਾਲ ਵਿਸ਼ੇਸ ਮੀਟਿੰਗ ਦੌਰਾਨ ਦਿੱਤੀ |
ਡਾ ਸੰਜੇ ਕਪੂਰ ਨੇ ਕਿਹਾ ਕਿ ਇਹ ਸਰਵੇਖਣ ਆਸ਼ਾ ਵਰਕਰਾਂ ,ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਪਿੰਡ ਵਿਚ ਕੋਈ ਵੀ ਘਰ ਇਸ ਸਰਵੇਖਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਵਿਚ ਜਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਵੀ ਕਰੋਨਾ ਦੇ ਪਾਜੀਟਿਵ ਰੇਟ ਵਿੱਚ ਵਿਚ ਹੈਰਾਨੀਜਨਕ ਵਾਧਾ ਦਰਜ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ-2 ਤਹਿਤ ਕਰੋਨਾ ਮੁਕਤ ਪਿੰਡ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਇਸ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਪਿੰਡਾਂ ਨੂੰ ਯਕੀਨੀ ਤੌਰ ਤੇ ਕਰੋਨਾ ਮੁਕਤ ਕੀਤਾ ਜਾ ਸਕੇ |
ਉਨਾਂ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਮਿਸ਼ਨ ਫਤਿਹ 2 ਅਭਿਆਨ ਦੌਰਾਨ ਇਹ ਯਕੀਨੀ ਬਣਾਇਆ ਜਾਵੇ ਕਿ ਘਰੇਲੂ ਇਕਾਂਤਵਾਸ ਵਾਲੇ ਜਿਲ੍ਹੇ ਦੇ ਸਾਰੇ ਮਰੀਜ਼ਾਂ ਨੂੰ ਕਰੋਨਾ ਫਤਹਿ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਮਰੀਜ਼ ਜਿਆਦਾ ਸੀਰੀਅਸ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਐਲ-2 ਅਤੇ ਐਲ-3 ਸੁਵਿਧਾ ਵਾਲੇ ਹਸਪਤਾਲਾਂ ਵਿੱਚ ਤੁਰੰਤ ਭੇਜਿਆ ਜਾਵੇ |ਇਸ ਤੋਂ ਇਲਾਵਾ ਉੱਚ ਜ਼ਖ਼ਮ ਵਾਲੇ ਮਰੀਜ਼ਾਂ ਜਿਵੇਂ ਕਿ ਹਾਈਪਰਟੈਨਸ਼ਨ, ਸ਼ੂਗਰ ਦੇ ਮਰੀਜ਼ਾਂ ਜਿਨ੍ਹਾਂ ਨੂੰ ਕੋਰੋਨਾ ਹੋਇਆ ਹੈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ |
ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਜਾਂ ਸਿਹਤ ਵਿਭਾਗ ਦੀਆਂ ਟੀਮਾਂ ਹਰ ਪਿੰਡ ਵਿੱਚ ਘਰ-ਘਰ ਜਾ ਕੇ ਬੁਖਾਰ, ਖੰਘ, ਸਾਹ ਲੈਣ ਵਿਚ ਤਕਲੀਫ ਹੋਣ ਤੇ ਕੋਵਿਡ ਦੇ ਲੱਛਣਾਂ ਦੀ ਜਾਂਚ ਸਬੰਧੀ ਸਰਵੇਖਣ ਕਰਨ ਅਤੇ ਜੇਕਰ ਕੋਈ ਸ਼ੱਕੀ ਵਿਅਕਤੀ ਸਾਹਮਣੇ ਆਉਂਦਾ ਹੈ ਤਾਂ ਉਸ ਦਾ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਅਤੇ ਮਰੀਜ਼ ਨੂੰ ਘਰ ਵਿੱਚ ਇਕਾਂਤਵਾਸ ਕੀਤਾ ਜਾਵੇ | ਉਨ੍ਹਾਂ ਪਿੰਡਾਂ ਵਿੱਚ ਟੈਸਟਿੰਗ ਅਤੇ ਟੀਕਾਕਰਨ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਕਰੋਨਾ ਦੀ ਚੇਨ ਨੂੰ ਤੋੜਨ ਲਈ ਇਹ ਸਰਵੇਖਣ ਬਹੁਤ ਹੀ ਕਾਰਗਰ ਸਾਬਤ ਹੋਵੇਗਾ |
ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ ਮਨਦੀਪ ਕੌਰ, ਜਿਲਾ ਐਪੀਡੀਮਾਲੋਜਿਸਟ ਡਾ ਹਰਜੋਤ ਕੌਰ, ਡਾ.ਹਰਿੰਦਰ ਸਿੰਘ, ਡਬਲਯੂ ਐਚ ਓ ਕੰਸਲਟੈਂਟ ਡਾ ਮੇਘਾ ਪ੍ਰਕਾਸ਼, ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਫਰੀਦਕੋਟ ਡਾ ਚੰਦਰ ਸ਼ੇਖਰ, ਸੀਨੀਅਰ ਮੈਡੀਕਲ ਅਫਸਰ, ਪੀ ਐਚ ਸੀ ਜੰਡ ਸਾਹਿਬ, ਡਾ ਰੰਜੀਵ ਭੰਡਾਰੀ, ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਕੋਟਕਪੂਰਾ, ਡਾ ਹਰਿੰਦਰ ਗਾਂਧੀ, ਸੀਨੀਅਰ ਮੈਡੀਕਲ ਅਫਸਰ, ਸੀ ਐਚ ਸੀ ਬਾਜਾਖਾਨਾ ਡਾ ਅਵਤਾਰਜੀਤ ਸਿੰਘ, ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਜੈਤੋ, ਡਾ ਵਰਿੰਦਰ ਕੁਮਾਰ, ਜਿਲਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ ਦੇ ਨਾਲ ਸਮੂਹ ਪ੍ਰੋਗਰਾਮ ਅਫਸਰਾਂ ਨੇ ਭਾਗ ਲਿਆ |