ਜਲੰਧਰ: ਕੋਵਿਡ -19 ਮਹਾਂਮਾਰੀ ਦੀ ਅਗਲੀ ਲਹਿਰ ਦੇ ਘਾਤਕ ਪ੍ਰਭਾਵਾਂ ਨੂੰ ਰੋਕਣ ਲਈ ਟੀਕਾਕਰਨ ਹੀ ਇਕਮਾਤਰ ਹੱਲ : ਡੀ ਸੀ
- ਟੀਕਾਕਰਨ ਮੁਹਿੰਮ ਵਿੱਚ ਐਨ.ਜੀ.ਓਜ਼ ਅਤੇ ਰੈਜ਼ੀਡੈਂਟ ਵੈੱਲਫੇਅਰ ਸੋਸਾਇਟੀਜ਼ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਕੀਤੀ ਸ਼ਲਾਘਾ
ਜਲੰਧਰ, 26 ਮਈ 2021 - ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਜਨਸਮੂਹ ਦੀ ਪ੍ਰਤੀਰੋਧੀ ਸ਼ਕਤੀ ਨੂੰ ਯਕੀਨੀ ਬਣਾਏਗਾ, ਜਿਸ ਨਾਲ ਕੋਵਿਡ -19 ਮਹਾਂਮਾਰੀ ਦੀ ਅਗਲੀ ਲਹਿਰ ਦੇ ਮਾਰੂ ਪ੍ਰਭਾਵਾਂ ਨੂੰ ਰੋਕਿਆ ਜਾ ਸਕੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮਾਨਵ ਸਹਿਯੋਗ ਸੁਸਾਇਟੀ ਵੱਲੋਂ ਲਗਾਏ ਗਏ ਟੀਕਾਕਰਨ ਕੈਂਪ ਦਾ ਦੌਰਾ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਖੁਸ਼ਕਿਮਮਤ ਹਾਂ ਕਿ ਸਾਡੇ ਵਿਗਿਆਨੀਆਂ ਵੱਲੋਂ ਇਸ ਅਦਿੱਖ ਦੁਸ਼ਮਣ ਵਿਰੁੱਧ ਲੜੀ ਜਾ ਰਹੀ ਲੜਾਈ ਨੂੰ ਜਿੱਤਣ ਲਈ ਵੈਕਸੀਨ ਵਿਕਸਤ ਕੀਤੇ ਗਏ ਹਨ ਅਤੇ ਹੁਣ ਟੀਕਾਕਰਨ ਲਈ ਅੱਗੇ ਆਉਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਫਰਜ਼ ਨੂੰ ਅਣਗੌਲਿਆ ਕਰ ਰਹੇ ਹਨ ਜਾਂ ਨਿਭਾਅ ਨਹੀਂ ਰਹੇ, ਉਹ ਆਪਣੇ ਪਰਿਵਾਰਾਂ ਨੂੰ ਜੋਖਮ ਵਿੱਚ ਪਾ ਰਹੇ ਹਨ। ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਵਿੱਚ ਸਵੈ-ਇੱਛਾ ਨਾਲ ਸ਼ਾਮਲ ਹੋਣਾ ਚਾਹੀਦਾ ਹੈ।
ਥੋਰੀ ਨੇ ਮਾਨਵ ਸਹਿਯੋਗ ਵੈੱਲਫੇਅਰ ਸੁਸਾਇਟੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਕੇ ਅਤੇ ਉਨ੍ਹਾਂ ਨੂੰ ਮੋਬਾਇਲ ਟੀਕਾਕਰਨ ਕੈਂਪਾਂ ਦੀ ਸਹੂਲਤ ਦੇ ਕੇ ਇਸ ਵਿਸ਼ਾਲ ਅਭਿਆਸ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਯੋਗ ਲਾਭਪਾਤਰੀਆਂ ਦੇ ਟੀਕਾਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐਨ.ਜੀ.ਓ. ਨੂੰ ਭਵਿੱਖ ਵਿੱਚ ਕੀਤੇ ਜਾਣ ਵਾਲੇ ਯਤਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ, ਖ਼ਾਸਕਰ ਨੌਜਵਾਨਾਂ ਨੂੰ ਆਪਣੇ ਮਾਪਿਆਂ ਨੂੰ ਕੈਂਪਾਂ ਵਿੱਚ ਲਿਆਉਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਇਸ ਨਾਜ਼ੁਕ ਵਰਗ ਦੀ ਸੁਰੱਖਿਆ ਨੂੰ ਜਲਦੀ ਤੋਂ ਜਲਦੀ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਇਰਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਟੀਕਾਕਰਨ ਅਤੇ ਸੈਂਪਲਿੰਗ ਨੂੰ ਯਕੀਨੀ ਬਣਾਇਆ ਗਿਆ ਹੈ।