ਜਲੰਧਰ: ਡੀ ਸੀ ਵਲੋਂ ਨਿਊ ਰੂਬੀ ਹਪਸਤਾਲ ’ਚ ਪੀ.ਐਸ.ਏ.ਅਧਾਰਿਤ ਆਕਸੀਨ ਪਲਾਂਟ ਦਾ ਉਦਘਾਟਨ
- ਕਿਹਾ, ਹਸਪਤਾਲਾਂ ਅਤੇ ਉਦਯੋਗਾਂ ’ਚ ਆਕਸੀਜਨ ਪਲਾਂਟ ਜ਼ਿਲ੍ਹੇ ਨੂੰ ਆਕਸੀਜਨ ਦੇ ਉਤਪਾਦਨ ’ਚ ਬਣਾਉਣਗੇ ਆਤਮ ਨਿਰਭਰ
- ਹੋਰਨਾਂ ਸੰਸਥਾਵਾਂ ਨੂੰ ਵੀ ਜ਼ਿਲ੍ਹੇ ’ਚ ਲੋੜੀਂਦੀ ਮਾਤਰਾ ’ਚ ਆਕਸੀਜਨ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਅਪੀਲ
ਜਲੰਧਰ 25 ਮਈ 2021 - ਜ਼ਿਲ੍ਹਾ ਜਲੰਧਰ ਨੂੰ ਆਕਸੀਜਨ ਦੇ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣ ਵੱਲ ਇਕ ਹੋਰ ਕਦਮ ਪੁਟਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਨਿਊ ਰੂਬੀ ਹਸਪਤਾਲ ਵਿਖੇ ਪੀਐਸਏ ਤਕਨਾਲੌਜੀ ’ਤੇ ਅਧਾਰਿਤ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਪਲਾਂਟ ਵਲੋਂ ਪ੍ਰਤੀ ਮਿੰਟ 500 ਦੀ ਦਰ ਨਾਲ ਆਕਸੀਜਨ ਗੈਸ ਦਾ ਉਤਪਾਦਨ ਕੀਤਾ ਜਾਵੇਗਾ।
ਆਕਸੀਜਨ ਪਲਾਂਟ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਵਲੋਂ ਨਿਊ ਰੂਬੀ ਹਸਪਤਾਲ ਵਲੋਂ ਮਨੁੱਖੀ ਵਰਤੋਂ ਲਈ ਵਰਤੀ ਜਾਣ ਵਾਲੀ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਲਈ ਹਸਪਤਾਲ ਵਿੱਚ ਲਗਾਏ ਗਏ ਆਕਸੀਜਨ ਪਲਾਂਟ ਨੂੰ ਲਗਾਉਣ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਹਿਲਾਂ ਹੀ ਹਸਪਤਾਲਾਂ ਅਤੇ ਉਦਯੋਗਾਂ ਨੂੰ ਅਜਿਹੇ ਪਲਾਂਟ ਲਗਾਉਣ ਲਈ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਆਕਸੀਜਨ ਉਤਪਾਦਨ ਵਿੱਚ ਸਵੈ ਨਿਰਭਰ ਹੋ ਸਕਣ।
ਡਿਪਟੀ ਕਮਿਸ਼ਨਰ ਨੇ ਹੋਰਨਾਂ ਸਿਹਤ ਸੰਭਾਲ ਸੰਸਥਾਵਾਂ ਅਤੇ ਉਦਯੋਗਾਂ ਨੂੰ ਵੀ ਅਪੀਲ ਕੀਤੀ ਕਿ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਆਪਣੇ- ਆਪਣੇ ਅਦਾਰਿਆਂ ਵਿੱਚ ਅਜਿਹੇ ਪਲਾਂਟ ਲਗਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਆਕਸੀਜਨ ਦੀ ਮੰਗ ਨੂੰ ਘੱਟ ਕੀਤਾ ਜਾ ਸਕੇਗਾ, ਉਥੇ ਹੀ ਜਲੰਧਰ ਨੂੰ ਆਕਸੀਜਨ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਜਾ ਸਕੇਗਾ।
ਥੋਰੀ ਨੇ ਕਿਹਾ ਕਿ ਅਜਿਹੇ ਪਲਾਂਟ ਲਗਾਉਣਾ ਇਕੋ ਵਾਰ ਨਿਵੇਸ਼ ਕਰਨਾ ਹੈ ਜਿਸ ਦਾ ਮਕਸਦ ਸੰਸਥਾਵਾਂ ਨੂੰ ਆਕਸੀਜਨ ਦੇ ਉਤਪਾਦਨ ਵਿੱਚ ਆਤਮ ਨਿਰਭਰ ਬਣਾਉਣਾ ਹੈ, ਜੋ ਕਿ ਕੋਰੋਨਾ ਵਾਇਰਸ ਦੀ ਸੰਭਾਵਿਤ ਤੀਜੀ ਲਹਿਰ ਦੌਰਾਨ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ ਮਹਾਂਮਾਰੀ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਬਹੁਮੰਤਵੀ ਰਣਨੀਤੀ ਜਿਵੇਂ ਕਿ ਸਿਵਲ ਹਸਪਤਾਲ ਵਿਖੇ ਆਕਸੀਜਨ ਪਲਾਂਟ ਸਥਾਪਿਤ ਕਰਨਾ, ਕੋਵਿਡ ਸੰਭਾਲ ਸੰਸਥਾਵਾਂ ਨੂੰ ਆਕਸੀਜਨ ਕੰਨਸਨਟ੍ਰੇਟਰਜ਼ ਮੁਹੱਈਆ ਕਰਵਾਉਣਾ, ਸਰਕਾਰੀ ਹਸਪਤਾਲਾਂ ਵਿੱਚ ਪੋਸਟ ਕੋਵਿਡ ਰਿਕਵਰੀ ਵਾਰਡ ਬਣਾਉਣਾ ਅਤੇ ਮਰੀਜ਼ਾਂ ਦੀ ਸਹੂਲਤ ਲਈ ਘਰ ਵਿੱਚ ਆਕਸੀਜਨ ਦੀ ਜਰੂਰਤ ਨੂੰ ਪੂਰਾ ਕਰਨ ਲਈ ਆਕਸੀਜਨ ਕੰਨਸਨਟ੍ਰੇਟਰਜ਼ ਬੈਂਕ ਸਥਾਪਿਤ ਕਰਨਾ ਨੂੰ ਅਪਣਾਇਆ ਗਿਆ ਹੈ।
ਇਸ ਮੌਕੇ ਪ੍ਰੋਜੈਕਟ ’ਤੇ ਚਾਨਣਾ ਪਾਉਂਦਿਆਂ ਡਾਇਰੈਕਟਰ ਨਿਊ ਰੂਬੀ ਹਸਪਤਾਲ ਡਾ.ਐਸ.ਪੀ.ਐਸ. ਗਰੋਵਰ ਨੇ ਕਿਹਾ ਕਿ ਆਕਸੀਜਨ ਜਨਰੇਸ਼ਨ ਪਲਾਂਟ ਵਲੋਂ 80 ਸਲੰਡਰ ਰੋਜ਼ਾਨਾ ਮੁਹੱਈਆ ਕਰਵਾਏ ਜਾਣਗੇ ਜਿਸ ਨਾਲ ਰੋਜ਼ਾਨਾ 80 ਫੀਸਦ ਆਕਸੀਜਨ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ 1500 ਲੀਟਰ ਤਰਲ ਆਕਸੀਜਨ ਨੂੰ ਸਟੋਰ ਕਰਨ ਲਈ ਸਟੋਰੇਜ ਟੈਂਕ ਵੀ ਬਣਾਇਆ ਗਿਆ ਹੈ । ਜ਼ਿਕਰਯੋਗ ਹੈ ਕਿ ਨਿਊ ਰੂਬੀ ਹਸਪਤਾਲ ਵਲੋਂ 40 ਬੈਡਾਂ ਨਾਲ ਕੋਵਿਡ ਦੇ ਮਰੀਜ਼ਾਂ ਦੀ ਸੇਵਾ ਕੀਤੀ ਜਾ ਰਹੀ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਜੋਤੀ , ਡਾਇਰੈਕਟਰ ਨਿਊ ਰੂਬੀ ਹਸਪਤਾਲ ਡਾ.ਪੁਨੀਤ ਪਾਲ ਸਿੰਘ, ਡਾ.ਹਰਨੀਤ ਕੌਰ ਗਰੋਵਰ, ਆਈ.ਐਮ.ਏ ਜਲੰਧਰ ਪ੍ਰਧਾਨ ਡਾ.ਅਮਰਜੀਤ ਸਿੰਘ, ਪ੍ਰਧਾਨ ਰੋਟਰੀ ਕਲੱਬ ਮਨਜੀਤ ਸਿੰਘ ਅਤੇ ਬ੍ਰਿਗੇਡੀਅਰ ਪੀ.ਐਸ.ਬਿੰਦਰਾ ਤੇ ਹੋਰ ਵੀ ਹਾਜ਼ਰ ਸਨ।