ਹੁਸ਼ਿਆਰਪੁਰ: ਰਾਮ ਕਾਲੋਨੀ ਕੈਂਪ ਪਿੰਡ ’ਚ ਵੀ 100 ਫੀਸਦੀ ਟੀਕਾਕਰਨ, ਅਰੋੜਾ ਵਲੋਂ ਪੰਚਾਇਤ, ਪਿੰਡ ਵਾਸੀਆਂ ਤੇ ਸਿਹਤ ਟੀਮਾਂ ਦੀ ਸ਼ਲਾਘਾ
- ਕਿਹਾ ਕੋਰੋਨਾ ਨੂੰ ਰੋਕਣ ਲਈ ਸਿਹਤ ਸਲਾਹਕਾਰੀਆਂ ਦੀ ਪਾਲਣਾ ਅਤੇ ਟੀਕਾਕਰਨ ਬਹੁਤ ਜਰੂਰੀ
- ਪੰਜਾਬ ਸਰਕਾਰ ਸਿਹਤ ਸੰਕਟ ’ਚ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ
ਹੁਸ਼ਿਆਰਪੁਰ, 23 ਮਈ 2021 ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਅਣਥੱਕ ਯਤਨਾਂ ਸਦਕਾ ਰਾਮ ਕਾਲੋਨੀ ਕੈਂਪ ਪਿੰਡ ਵਿਚ ਵੀ ਐਤਵਾਰ ਨੂੰ 100 ਫੀਸਦੀ ਟੀਕਾਕਰਨ ਦਾ ਟੀਚਾ ਮੁਕੰਮਲ ਕਰ ਲਿਆ ਗਿਆ ਜਿਸ ’ਤੇ ਪਿੰਡ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰਿਆਂ ਦੀ ਹੌਂਸਲਾਅਫਜ਼ਾਈ ਕਰਦਿਆਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਲਈ ਸਿਹਤ ਸਲਾਹਕਾਰੀਆਂ ਦੀ ਸਹੀ ਪਾਲਣਾ ਅਤੇ ਟੀਕਾਕਰਨ ਬਹੁਤ ਹੀ ਜਰੂਰੀ ਹੈ।
ਸੀ.ਐਚ.ਸੀ. ਹਾਰਟਾ ਬਡਲਾ ਤਹਿਤ ਪੈਂਦੇ ਪਿੰਡ ਰਾਮ ਕਾਲੋਨੀ ਕੈਂਪ ਵਿਚ ਲੱਗੇ ਵਿਸ਼ੇਸ਼ ਟੀਕਾਕਰਨ ਕੈਂਪ ਦੌਰਾਨ ਪਹੁੰਚੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ 100 ਫੀਸਦੀ ਟੀਕਾਕਰਨ ਕਰਵਾਉਣ ਵਾਲੀਆਂ ਪੰਚਾਇਤਾਂ ਦੀ ਭੂਮਿਕਾ ਅਹਿਮ ਹੈ ਅਤੇ ਇਸ ਨਾਜ਼ੁਕ ਘੜੀ ਵਿਚ ਸਾਰਿਆਂ ਨੂੰ ਜਨਤਕ ਹਿੱਤਾਂ ਦੇ ਮੱਦੇਨਜ਼ਰ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਨੂੰ ਬਿਨਾਂ ਕਿਸੇ ਲਾਪਰਵਾਹੀ ਆਪਣੀ ਰੋਜਮਰ੍ਹਾ ਦੀ ਜਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ। ਪੰਚਾਇਤ, ਪਿੰਡ ਵਾਸੀਆਂ ਅਤੇ ਸਿਹਤ ਵਿਭਾਗ ਦੀ ਟੀਮ ਨਾਲ ਵਿਚਾਰਾਂ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਜਿਲੇ ਵਿਚ ਕਈ ਪੰਚਾਇਤਾਂ ਵਲੋਂ ਆਪਣੇ ਪਿੰਡਾਂ ਵਿਚ ਟੀਕਾਕਰਨ ਮੁਕੰਮਲ ਕਰਵਾ ਲਿਆ ਗਿਆ ਹੈ ਅਤੇ ਬਾਕੀ ਪੰਚਾਇਤਾਂ ਨੂੰ ਵੀ ਜਿਲਾ ਪ੍ਰਸ਼ਾਸਨ ਰਾਹੀਂ ਆਪਣੇ ਪਿੰਡਾਂ ਵਿਚ ਇਹ ਟੀਚਾ ਸਰ ਕਰਨਾ ਚਾਹੀਦਾ ਹੈ ਜੋ ਕਿ ਸਮੇਂ ਦੀ ਮੁੱਖ ਮੰਗ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦੇ ਐਲਾਨ ਨੂੰ ਮਹੱਤਵਪੂਰਨ ਦੱਸਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਐਲਾਨ ਨਾਲ ਨਾ ਸਿਰਫ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਦੀ ਚਪੇਟ ’ਚ ਆਉਣ ਤੋਂ ਬਚਾ ਕੇ ਸਿਹਤਮੰਦ ਰੱਖਿਆ ਜਾ ਸਕੇਗਾ ਸਗੋਂ ਇਹ ਗਰਾਂਟ ਮਿਲਣ ਨਾਲ ਪਿੰਡਾਂ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜਾਂ ਨੂੰ ਵੀ ਰਫਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਕੋਰੋਨਾ ਖਿਲਾਫ ਲਾਮਵੰਦ ਹੋ ਕੇ ਆਪ-ਮੁਹਾਰੇ ਟੀਕਾਕਰਨ ਲਈ ਵੱਧ ਚੜ ਕੇ ਅੱਗੇ ਆ ਰਹੇ ਹਨ ਅਤੇ ਲੋੜੀਂਦੀ ਅਹਿਤਿਆਤ ਵਰਤ ਰਹੇ ਹਨ ਜਿਸ ਨਾਲ ਕੋਰੋਨਾ ਖਿਲਾਫ ਮਿਸ਼ਨ ਫਤਹਿ-2 ਨੂੰ ਆਸਾਨੀ ਨਾਲ ਕਾਮਯਾਬ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸੂਰਤ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਦਿਖਾਈ ਜਾਵੇ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਕਾਜਲ, ਜੋਗ ਰਾਜ, ਮਲਕੀਤ ਸਿੰਘ, ਪੰਚ ਦਨੀ ਕੁਮਾਰ, ਪੰਚ ਸੁਖਵਿੰਦਰ ਕੌਰ, ਪੰਚ ਸੁਰਿੰਦਰ ਸਿੰਘ, ਪੰਚ ਊਸ਼ਾ ਰਾਣੀ, ਮਨਮੋਹਨ ਕੁਮਾਰ, ਜਗਦੀਪ ਸਿੰਘ, ਜੀ.ਓ.ਜੀ. ਜਗਤਾਰ ਸਿੰਘ, ਬਿਕਰਮਜੀਤ, ਲਖਨਪਾਲ, ਸ਼ਮਿੰਦਰਪਾਲ, ਕਮਿਊਨਿਟੀ ਸਿਹਤ ਅਫਸਰ ਨਵਪ੍ਰੀਤ ਕੌਰ ਅਤੇ ਆਸ਼ਾ ਵਰਕਰ ਮਨਦੀਪ ਕੌਰ ਆਦਿ ਮੌਜੂਦ ਸਨ।