ਡੇਰਾ ਸਰਸਾ ਪ੍ਰੇਮੀਆਂ ਵੱਲੋਂ ਕਰੋਨਾ ਯੋਧਿਆਂ ਦੀ ਹੌਂਸਲਾ ਅਫਜ਼ਾਈ
ਅਸ਼ੋਕ ਵਰਮਾ
ਬਠਿੰਡਾ, 5 ਮਈ2021 : ਬਲਾਕ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਡੇਰਾ ਪ੍ਰੇਮੀਆਂ ਨੇ ਅੱਜ ਕਰੋਨਾ ਵਾਰੀਅਰਜ਼ ਦੀ ਹੌਂਸਲਾ ਅਫਜ਼ਾਈ ਕਰਨ ਦੇ ਪ੍ਰੋਗਰਾਮ ਤਹਿਤ ਪੰਜਾਬ ਕੈਂਸਰ ਕੇਅਰ ਹਸਪਤਾਲ ਬਠਿੰਡਾ ’ਚ ਬਣੇ ਕੋਵਿਡ ਕੇਅਰ ਸੈਂਟਰ ’ਚ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਨੂੰ ਫ਼ਲਾਂ ਦੀ ਕਿੱਟਾਂ, ਈਮੂਨਿਟੀ ਬੂਸਟਰ (ਐਮਐਸਜੀ ਕਾੜ੍ਹਾ) ਭੇਂਟ ਕੀਤਾ। ਔਖੇ ਹਾਲਾਤਾਂ ਦੌਰਾਨ ਮਨੁੱਖਤਾ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਕਰੋਨਾ ਵਾਰੀਅਰਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਡੇਰਾ ਸ਼ਰਧਾਲੂਆਂ ਨੇ ਇੰਨ੍ਹਾਂ ਫਰੰਟ ਲਾਈਨ ਵਰਕਰਾਂ ਨੂੰ ਸਲਿਊਟ ਕਰਕੇ ਸਨਮਾਨ ਦਿੱਤਾ ।ਇਸ ਮੌਕੇ ਪੰਜਾਬ ਕੈਂਸਰ ਕੇਅਰ ਹਸਪਤਾਲ ਦੇ ਡਾ. ਅਨੁਜ ਬਾਂਸਲ ਨੇ ਕਿਹਾ ਕਿ ਜੋ ਅੱਜ ਡੇਰਾ ਸੱਚਾ ਸੌਦਾ ਸਰਸਾ ਬਲਾਕ ਤਲਵੰਡੀ ਸਾਬੋ ਦੀ ਸਾਧ ਸੰਗਤ ਵੱਲੋਂ ਇਹ ਸਨਮਾਨ ਦਿੱਤਾ ਗਿਆ ਹੈ ਮੈਂ ਇਸ ਦੀ ਸ਼ਲਾਘਾ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਸੇਵਾਦਾਰਾਂ ਨੇ ਸਾਡੀ ਪੂਰੀ ਟੀਮ ਨੂੰ ਵੱਖ ਵੱਖ ਵਸਤਾਂ ਦਿੱਤੀਆਂ ਅਤੇ ਕਰੋਨਾ ਸਮੇਂ ’ਚ ਸਾਡੀਆਂ ਸੇਵਾਵਾਂ ਨੂੰ ਦੇਖਦਿਆਂ ਜੋ ਸਲਿਊਟ ਕਰਕੇ ਸਾਡੇ ’ਚ ਹੌਂਸਲਾ ਭਰਿਆ ਹੈ ਇਹ ਕਾਬਿਲ-ਏ-ਤਾਰੀਫ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਸਾਇਟੀ ਦੇ ਲੋਕ ਸਾਡੇ ਨਾਲ ਖੜ੍ਹਦੇ ਅਤੇ ਸਾਡੀ ਫਿਕਰ ਕਰਦੇ ਹਨ ਤਾਂ ਇਹ ਸਾਡੇ ਜੁਨੂੰਨ ਨੂੰ ਦੁੱਗਣਾ ਕਰਦਾ ਹੈ ਅਤੇ ਮੈਂ ਇਨ੍ਹਾਂ ਸੇਵਾਦਾਰਾਂ ਦਾ ਧੰਨਵਾਦੀ ਹਾਂ। ਇਸ ਮੌਕੇ ਡੇਰਾ ਪ੍ਰਬੰਧਕ ਕੁਲਦੀਪ ਕੌਰ ਨੇ ਕਿਹਾ ਕਰੋਨਾ ਮਹਾਂਮਾਰੀ ਦੀ ਇਹ ਜੋ ਜੰਗ ਪੂਰਾ ਵਿਸ਼ਵ ਲੜ ਰਿਹਾ ਹੈ ਇਸ ਨੂੰ ਜਿੱਤਣ ਲਈ ਡੇਰਾ ਪ੍ਰੇਮੀ ਕਰੋਨਾ ਯੋਧਿਆਂ ਦਾ ਮਨੋਬਲ ਵਧਾ ਰਹੇ ਹਨ।
ਉਨ੍ਹਾਂ ਕਿਹਾ ਕਿ ਡਾਕਟਰ ਅਤੇ ਇਨ੍ਹਾਂ ਦਾ ਸਟਾਫ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਕਰੋਨਾਂ ਪੀੜਿਤਾਂ ਨੂੰ ਬਚਾਉਣ ’ਚ ਲੱਗੇ ਹੋਏ ਹਨ ਉਸ ਨੂੰ ਦੇਖਦਿਆਂ ਇਹ ਉਪਰਾਲਾ ਬੇਸ਼ੱਕ ਤੁੱਛ ਹੈ ਪਰ ਅਸੀਂ ਇਨ੍ਹਾਂ ਦੀਆਂ ਸੇਵਾਵਾਂ ਨੂੰ ਸਲਾਮ ਕਰਦੇ ਹਾਂ। ਡੇਰਾ ਪ੍ਰਬੰਧਕ ਪਿਆਰਾ ਸਿੰਘ ਨੇ ਕਿਹਾ ਕਿ ਜਿੱਥੇ ਕਰੋਨਾ ਯੋਧੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕੀਮਤੀ ਜਾਨਾਂ ਬਚਾਅ ਰਹੇ ਹਨ ਉੱਥੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਵੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰੀਏ ਤਾਂ ਕਿ ਇਸ ਬਿਮਾਰੀ ਤੋਂ ਜਲਦ ਤੋਂ ਜਲਦ ਨਿਜਾਤ ਪਾ ਸਕੀਏ। ਇਸ ਮੌਕੇ 45 ਮੈਂਬਰ ਊਧਮ ਸਿੰਘ, ਬਲਾਕ ਆਗੂ ਸੁਖਦੇਵ ਸਿੰਘ ਅਤੇ ਪੂਰਨ ਸਿੰਘ ਆਦਿ ਹਾਜਰ ਸਨ।