ਮਾਨਸਾ: ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ਲਈ ਆਈਸੋਲੇਸ਼ਨ ਸੈਂਟਰ ਵਿਖੇ ਬੈੱਡਾਂ ਦੀ ਗਿਣਤੀ ਵਿੱਚ ਵਾਧਾ
ਸੰਜੀਵ ਜਿੰਦਲ
- ਕੋਰੋਨਾ ਦੀ ਦੂਜੀ ਲਹਿਰ ਦੌਰਾਨ ਹੋਰ ਵੀ ਸਾਵਧਾਨੀਆਂ ਵਰਤਣ ਦੀ ਲੋੜ: ਵਧੀਕ ਡਿਪਟੀ ਕਮਿਸ਼ਨਰ
ਮਾਨਸਾ, 5 ਮਈ 2021 : ਮਾਨਸਾ ਦੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਆਈਸੋਲੇਸ਼ਨ ਸੈਂਟਰ ਵਿਖੇ ਕੋਰੋਨਾ ਪੀੜਤ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੈੱਡਾ ਦੀ ਗਿਣਤੀ ਨੂੰ 40 ਤੋਂ ਵਧਾ ਕੇ 80 ਕਰ ਦਿੱਤਾ ਗਿਆ ਹੈ। ਅੱਜ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਰੂਬਰੂ ਹੁੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸੁਖਪ੍ਰੀਤ ਸਿੰਘ ਸਿੱਧੂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਦੱਸਿਆ ਕਿ ਦੂਜੀ ਲਹਿਰ ਦੌਰਾਨ ਦੇਸ਼ ਭਰ ਵਿੱਚ ਲੋਕ ਆਕਸੀਜ਼ਨ ਦੀ ਕਮੀ ਤੋਂ ਪੀੜਤ ਹੋ ਰਹੇ ਹਨ ਜਦਕਿ ਪਹਿਲੀ ਲਹਿਰ ਦੌਰਾਨ ਇਹ ਸਮੱਸਿਆ ਜ਼ਿਆਦਾ ਪੇਸ਼ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਸਾਰਾ ਸੰਸਾਰ ਹੀ ਇਸ ਔਖੀ ਘੜੀ ਵਿਚੋਂ ਲੰਘ ਰਿਹਾ ਹੈ ਜਿਸ ਦੇ ਚਲਦਿਆਂ ਇਸ ਦੌਰਾਨ ਸਾਨੂੰ ਹੋਰ ਵੀ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਉਪਰਾਲੇ ਕੀਤਾ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਲੈਵਲ-2 ਸੁਵਿਧਾ ਉਪਲਬਧ ਹੈ ਅਤੇ ਲੈਵਲ-3 ਦੀ ਜ਼ਰੂਰਤ ਪੈਣ ਤੇ ਮਰੀਜ਼ ਨੂੰ ਫਰੀਦਕੋਟ ਰੈਫਰ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਹੁਣ ਸਾਨੂੰ ਹੋਰ ਵੀ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਮਾਸਕ ਪਾਉਣਾ, ਸਮਾਜਿਕ ਦੂਰੀ ਨੂੰ ਰੋਜ਼ਾਨਾ ਜੀਵਨ ਦਾ ਅਹਿਮ ਅੰਗ ਬਣਾ ਕੇ ਹੀ ਚੱਲਣਾ ਪਵੇਗਾ। ਇਕੱਠ ਕਰਨ ਅਤੇ ਇਕੱਠ ਵਾਲੀਆਂ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਅਤੇ ਆਪਣੇ ਪਰਿਵਾਰ ਸਮੇਤ ਹੋਰਨਾਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਟੈਸਟਿੰਗ ਅਤੇ ਟੀਕਾਕਰਨ ਕਰਵਾਉਣ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਤਾਂ ਜੋ ਇਮਊਨਿਟੀ ਸਮਰੱਥਾ ਵਿਚ ਵਾਧਾ ਕਰਕੇ ਕੋਰੋਨਾ ਦੀ ਦੂਜੀ ਲਹਿਰ ਨੂੰ ਹਰਾਇਆ ਜਾ ਸਕੇ।