ਮਾਨਸਾ 'ਚ ਬੁੱਧਵਾਰ ਨੂੰ ਕੋਰੋਨਾ ਨਾਲ 3 ਮੌਤਾਂ, 338 ਨਵੇਂ ਪਾਜ਼ੀਟਿਵ ਕੇਸ
ਸੰਜੀਵ ਜਿੰਦਲ
ਮਾਨਸਾ , 6 ਮਈ 2021 : ਕੱਲ੍ਹ ਬੁੱਧਵਾਰ ਸ਼ਾਮ ਤੱਕ ਦੀ ਪ੍ਰਾਪਤ ਹੋਈ ਰਿਪੋਰਟ ਮੁਤਾਬਕ ਮਾਨਸਾ 'ਚ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮੌਤਾਂ ਦਾ ਅੰਕੜਾ ਵੱਧ ਕੇ 85 ਤੱਕ ਪੁੱਜ ਚੁੱਕਿਆ ਹੈ। ਮਰਨ ਵਾਲਿਆਂ ਚ ਮਾਨਸਾ ਦੀਆਂ 2 ਔਰਤਾਂ ਤੇ ਸਰਦੂਲਗੜ੍ਹ ਦਾ ਇਕ ਵਿਅਕਤੀ ਸ਼ਾਮਲ ਹੈ, ਜੋ ਬਠਿੰਡਾ ਤੇ ਫਰੀਦਕੋਟ ਵਿਖੇ ਆਪਣਾ ਇਲਾਜ ਕਰਵਾ ਰਹੇ ਸੀ। ਨਵੇਂ ਆਏ 338 ਪਾਜ਼ੇਟਿਵ ਕੋਰੋਨਾ ਕੇਸਾਂ ਸਮੇਤ ਜ਼ਿਲ੍ਹੇ ਚ ਹੁਣ ਐਕਟਿਵ ਮਰੀਜ਼ਾਂ ਦੀ ਗਿਣਤੀ 2364 ਹੋ ਗਈ ਹੈ। 197 ਵਿਅਕਤੀਆਂ ਨੂੰ ਛੁੱਟੀ ਦੇਣ ਤੋਂ ਇਲਾਵਾ 3 ਵਿਅਕਤੀਆਂ ਦੀ ਮੌਤ ਦਰਜ ਕੀਤੀ ਗਈ ਹੈ, ਜਦਕਿ ਇਕ ਸਬਜ਼ੀ ਵਿਕਰੇਤਾ ਦੀ ਮੌਤ ਹੋਣ ਦੀ ਵੀ ਸੂਚਨਾ ਮਿਲੀ ਹੈ।
ਹੁਣ ਤੱਕ ਜ਼ਿਲ੍ਹੇ ਚ 7656 ਵਿਅਕਤੀ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਤੇ 155164 ਵਿਅਕਤੀਆਂ ਦੇ ਨਮੂਨੇ ਲਏ ਜਾ ਚੁੱਕੇ ਹਨ। ਬੁੱਧਵਾਰ ਨੂੰ 1586 ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜ਼ਿਲ੍ਹੇ 'ਚ ਹੁਣ ਤੱਕ 5207 ਵਿਅਕਤੀ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਨਵੇਂ ਆਏ 338 ਪਾਜ਼ੇਟਿਵ ਕੇਸਾਂ 'ਚ ਮਾਨਸਾ 'ਚ 135, ਬੁਢਲਾਡਾ 'ਚ 105, ਖਿਆਲਾ ਕਲਾਂ 'ਚ 75 ਅਤੇ ਸਰਦੂਲਗੜ੍ਹ 'ਚ 23 ਕੇਸ ਪਾਏ ਗਏ ਹਨ।
ਇਸ ਦੇ ਤਹਿਤ ਮਾਨਸਾ 'ਚ ਹੁਣ ਤਕ 3216, ਬੁਢਲਾਡਾ 'ਚ 1882, ਖਿਆਲਾ ਕਲਾਂ 'ਚ 1364 ਅਤੇ ਸਰਦੂਲਗੜ੍ਹ ਚ 1194 ਵਿਅਕਤੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 7656 ਬਣਦੀ ਹੈ। ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਦੀਆਂ ਦੋ ਅੌਰਤਾਂ ਦੀ ਮੌਤ ਬਠਿੰਡਾ ਦੇ ਹਸਪਤਾਲ ਤੇ ਸਰਦੂਲਗੜ੍ਹ ਦੇ ਇਕ ਵਿਅਕਤੀ ਦੀ ਮੌਤ ਫਰੀਦਕੋਟ ਦੇ ਹਸਪਤਾਲ ਵਿਖੇ ਹੋਈ ਹੈ।