ਹੁਸ਼ਿਆਰਪੁਰ: ਜ਼ਿਲ੍ਹਾ ਕਚਹਿਰੀ ’ਚ ਕੋਵਿਡ ਬਚਾਅ ਸਬੰਧੀ ਟੀਕਾਕਰਨ ਕੈਂਪ 12 ਮਈ ਨੂੰ
- ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀ ਦੀ ਕੋਰਟ ਨੰਬਰ 5 ’ਚ ਜੁਡੀਸ਼ੀਅਲ ਆਫਿਸਰਜ਼ ਤੇ ਲੀਗਲ ਏਡ ਵਰਕਫੋਰਸ ਦਾ ਹੋਵੇਗਾ ਟੀਕਾਕਰਨ
ਹੁਸ਼ਿਆਰਪੁਰ, 6 ਮਈ 2021 - ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰ ’ਤੇ ਟੀਕਾਕਰਨ ਕੈਂਪ 12 ਮਈ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਕੈਂਪ ਕੋਰਟ ਰੂਮ ਨੰਬਰ 5, ਜ਼ਿਲ੍ਹਾ ਕਚਹਿਰੀ ਵਿੱਚ ਸਵੇਰੇ 10 ਵਜੇ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਜੁਡੀਸ਼ੀਅਲ ਆਫਿਸਰਜ਼ ਤੇ ਲੀਗਲ ਏਡ ਵਰਕਫੋਰਸ ਟੀਮਾਂ ਜਿਵੇਂ ਕਿ ਲੀਗਲ ਏਡ ਪੈਨਲ ਦੇ ਵਕੀਲ, ਪੈਰਾ ਲੀਗਲ ਵਲੰਟੀਅਰਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿੱਚ ਕੰਮ ਕਰ ਰਹੇ ਸਟਾਫ਼ ਮੈਂਬਰਾਂ ਤੇ ਕੋਰਟ ਦੇ ਸਟਾਫ਼ ਮੈਂਬਰਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਵਿਭਾਗ ਵਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਭਾਰਤ ਸਰਕਾਰ ਦੁਆਰਾ ਟੀਕਾਕਰਨ ਅਭਿਆਨ ਦਾ ਤੀਸਰਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਵਿੱਚ 18 ਤੋਂ 44 ਸਾਲ ਤੱਕ ਦੇ ਉਮਰ ਵਰਗ ਦੇ ਲੋਕਾਂ ਦੀ ਵੀ ਵੈਕਸੀਨੇਸ਼ਨ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਸਾਰਿਆਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਮਹਾਮਾਰੀ ’ਤੇ ਕਾਬੂ ਪਾਇਆ ਜਾ ਸਕੇ।