ਓਪਨ ਜੇਲ੍ਹ ਜਾਣ ਤੋਂ ਬਾਅਦ ਨਵੇਂ ਬਣੇ ਵਪਾਰ ਮੰਡਲ ਪ੍ਰਧਾਨ ਤੇ ਕੌਂਸਲਰ ਫਿਰ ਹੋਏ ਸਰਗਰਮ
ਹਰੀਸ ਕਾਲੜਾ
- ਡੀ.ਸੀ.ਰੂਪਨਗਰ ਨਾਲ ਕੀਤੀ ਮੁਲਾਕਾਤ ਕਰਕੇ ਦਿਤਾ ਮੰਗ ਪੱਤਰ
ਰੂਪਨਗਰ,06 ਮਈ 2021: ਬੀਤੇ ਦਿਨੀ ਓਪਨ ਜੇਲ੍ਹ ਜਾਣ ਤੋਂ ਬਾਅਦ ਨਵੇਂ ਬਣੇ ਵਪਾਰ ਮੰਡਲ ਪ੍ਰਧਾਨ ਰਾਜੂ ਸਤਿਆਲ ਤੇ ਕੌਂਸਲਰ ਪੋਮੀ ਸੋਨੀ ਮੁੜ ਤੋਂ ਸਰਗਰਮ ਹੋ ਗਏ ਹਨ।ਉਨਾਂ ਅੱਜ ਸ਼ਹਿਰ ਦੀਆਂ ਦੁਕਾਨਾਂ ਨੂੰ ਰੋਸਟਰ ਬਣਾ ਕੇ ਖੋਲ੍ਹਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਨਵੇਂ ਬਣੇ ਯੂਨਿਟੀ ਆਫ ਵਪਾਰ ਮੰਡਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਤੇ ਕੌਂਸਲਰ ਪੋਮੀ ਸੋਨੀ ਵਲੋਂ ਇੱਕ ਮੰਗ ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਗਏ।
ਇਸ ਮੰਗ ਪੱਤਰ ਅਨੁਸਾਰ ਡਿਪਟੀ ਕਮਿਸ਼ਨਰ ਨੂੰ ਸਮੂਹ ਦੁਕਾਨਦਾਰਾਂ ਵਲੋਂ ਅਪੀਲ ਕੀਤੀ ਗਈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਗਾਈਡਲਾਇਨ ਦਿੱਤੀ ਗਈ ਹੈ, ਉਸ ਦੇ ਅਨੁਸਾਰ ਦੁਕਾਨਦਾਰਾਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਸਮੂਹ ਦੁਕਾਨਦਾਰ ਯੂਨੀਅਨ ਵਲੋਂ ਬੇਨਤੀ ਕੀਤੀ ਗਈ ਹੈ ਕਿ ਕੁਝ ਦੁਕਾਨਾਂ ਖੋਲ੍ਹਣ ਤੋਂ ਰਹਿ ਗਈਆਂ ਹਨ, ਇਸ ਲਈ ਪਿਛਲੇ ਲਾਕਡਾਊਨ ਦੀ ਤਰ੍ਹਾਂ ਰੋਸਟਰ ਬਣਾ ਕੇ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ,ਤਾਂ ਜੋ ਕਿ ਦੁਕਾਨਦਾਰ ਵੀ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਸਕਣ। ਇਸ ਬਾਰੇ ਯੂਨਿਟੀ ਆਫ ਵਪਾਰ ਮੰਡਲ ਦੇ ਪ੍ਰਧਾਨ ਤੇ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਅਤੇ ਕੌਂਸਲਰ ਪੋਮੀ ਸੋਨੀ ਨੇ ਕਿਹਾ ਕਿ ਉਹ ਰੋਪੜ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ ਅਤੇ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਦੁਕਾਨਦਾਰਾਂ ਨੂੰ ਰਾਹਤ ਦੇਣ ਦੀ ਮੰਗ ਕਰਨਗੇ।
ਉਨ੍ਹਾਂ ਕਿਹਾ ਕਿ ਮਿੰਨੀ ਲਾਕਡਾਊਨ ਦੌਰਾਨ ਜਿੱਥੇ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਸਮੂਹ ਦੁਕਾਨਦਾਰ ਵੀ ਆਰਥਿਕ ਮੰਦੀ ਝੱਲ ਰਹੇ ਹਨ। ਉਹ ਦੁਕਾਨਦਾਰਾਂ ਦੇ ਹੱਕਾਂ ਲਈ ਲੜਦੇ ਰਹਿਣਗੇ । ਜ਼ਿਕਰਯੋਗ ਹੈ ਕਿ ਰੂਪਨਗਰ ਸ਼ਹਿਰ ਚ ਤੀਸਰਾ ਵਪਾਰ ਮੰਡਲ ਗਠਿਤ ਕਰਨ ਤੋਂ ਬਾਅਦ ਬੀਤੇ ਦਿਨ ਸਮੂਹ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਇਕੱਠ ਕਰਨ ਕਰਕੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਤੇ ਕੌਂਸਲਰ ਪੋਮੀ ਸੋਨੀ ਤੇ ਗੁਰਵਿੰਦਰ ਸਿੰਘ ਜੱਗੀ ਨੂੰ ਪੁਲਿਸ ਨੇ ਫੜ ਕੇ ਓਪਨ ਜੇਲ੍ਹ ਭੇਜ ਦਿੱਤਾ ਸੀ।