ਕੋਰੋਨਾ ਖਿਲਾਫ ਜੰਗ ਵਿੱਚ ਮੁਢਲੀਆਂ ਸੇਵਾਵਾਂ ਨਿਭਾਉਂਦੇ ਮੁਲਾਜ਼ਮਾਂ ਨੂੰ ਮਿਲਣ ਵਿਸ਼ੇਸ਼ ਸਹੂਲਤਾਂ - ਐਡਵੋਕੇਟ ਦਹੀਯਾ
- ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਪਰਿਵਾਰਾਂ ਨੂੰ ਰਾਸ਼ਨ ਅਤੇ ਵਿੱਤੀ ਸਹਾਇਤਾਂ ਦੇਣ ਦੀ ਕੀਤੀ ਅਪੀਲ
ਫਿਰੋਜ਼ਪੁਰ, 6 ਮਈ 2021 - ਕਰੋਨਾ ਮਹਾਂਮਾਰੀ ਦੇ ਮੋਜੂਦਾ ਹਾਲਾਤਾਂ ਵਿੱਚ ਜਿੱਥੇ ਲੋਕ ਬੇਬਸ ਹੋ ਕੇ ਘਰਾਂ ਵਿੱਚ ਬੈਠੇ ਹਨ ਉੱਥੇ ਹੀ ਇਸ ਜੰਗ ਵਿੱਚ ਮੁਹਰੇ ਹੋ ਕੇ ਲੋਕਾਂ ਦੀ ਲੜਾਈ ਲੜ ਰਹੇ ਮੈਡੀਕਲ, ਪੈਰਾ ਮੈਡੀਕਲ ਸਟਾਫ਼, ਪੁਲਿਸ ਮੁਲਾਜ਼ਮ ਅਤੇ ਕੋਵਿਡ ਦੀਆਂ ਡਿਊਟੀਆਂ ਨਿਭਾ ਰਹੇ ਵੱਖ ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਨੂੰ ਵਿਸ਼ੇਸ਼ ਸੁਖ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਹਨ। ਇਹ ਵਿਚਾਰ ਫਿਰੋਜ਼ਪੁਰ ਜ਼ਿਲ੍ਹਾ ਐਸਸੀ ਵਿੰਗ ਪ੍ਰਧਾਨ ਐਡਵੋਕੇਟ ਰਜਨੀਸ਼ ਦਹੀਯਾ ਵਲੋਂ ਕਿੱਤੇ ਗਏ , ਉਹਨਾਂ ਨੇ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਯੋਧਿਆਂ ਨੂੰ ਵਿਸ਼ੇਸ਼ ਸੂਚੀ ਵਿਚ ਰਖਿਆ ਜਾਵੇ।
ਕਰੋਨਾ ਮਰੀਜ਼ ਦੇ ਇਲਾਜ਼ ਤੋਂ ਲੈਕੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੱਕ ਸੇਹਤ ਮੁਲਾਜ਼ਮ ਪਰਿਵਾਰ ਅਤੇ ਨਿੱਜੀ ਜ਼ਿੰਦਗੀ ਤੋਂ ਉਪਰ ਹੋਕੇ ਆਪਣੇ ਫਰਜ਼ ਤਨਦੇਹੀ ਨਾਲ ਨਿਭਾ ਰਹੇ ਹਨ। ਕੋਵਿਡ ਨੂੰ ਲੈਕੇ ਜਨ ਭਲਾਈ ਵਾਲੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਿਨ ਰਾਤ ਇੱਕ ਕਰ ਰਹੇ ਹਨ। ਐਡਵੋਕੇਟ ਦਹੀਯਾ ਨੇ ਕਿਹਾ ਕਿ ਰੱਬ ਨਾ ਕਰੇ ਸੇਵਾ ਨਿਭਾਉਂਦੇ ਜੇਕਰ ਕੋਈ ਵੀ ਮੁਲਾਜ਼ਮ ਸਦੀਵੀਂ ਵਿਛੋੜਾ ਦੇ ਜਾਂਦਾ ਹੈ ਤਾਂ ਉਸਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਨੂੰ ਇੱਕ ਕਰੋੜ ਰੂਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਦਿੱਲੀ ਵਿੱਚ ਦੇਸ਼ ਸੇਵਾ ਵਿੱਚ ਸ਼ਹੀਦ ਹੋਏ ਮੁਲਾਜ਼ਮਾਂ ਨੂੰ ਕੇਜਰੀਵਾਲ ਸਰਕਾਰ ਵਲੋਂ ਇੱਕ ਕਰੋੜ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਕਰੋਨਾ ਜੰਗ ਵਿੱਚ ਲੱਗੀਆਂ ਡਿਊਟੀਆਂ ਦੇਸ਼ ਦੇ ਬਾਰਡਰਾਂ ਤੇ ਲੱਗੀ ਡਿਊਟੀਆਂ ਵਾਂਗ ਹੀ ਹੈ।
ਕੈਪਟਨ ਸਰਕਾਰ ਵਲੋਂ ਸਰਕਾਰੀ ਟੀਚਰਾਂ ਦੀ ਪੰਜਾਬ ਬਾਰਡਰਾਂ ਤੇ ਪੰਜਾਬ ਆਉਣ ਵਾਲੀਆਂ ਤੇ ਨਿਗਰਾਨ ਡਿਊਟੀਆਂ ਲਗਾਏ ਜਾਣ ਦੇ ਫੈਸਲੇ ਨੂੰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਦੱਸਿਆ ਹੈ। ਉਹਨਾਂ ਕਿਹਾ ਕਿ ਬੰਦ ਪਏ ਸਕੂਲਾਂ ਦੇ ਟੀਚਰ ਪਹਿਲਾਂ ਹੀ ਆਨਲਾਈਨ ਕਲਾਸਾਂ ਅਤੇ ਸੋਸ਼ਲ ਮੀਡੀਆ ਸਾਧਨਾਂ ਰਾਹੀਂ ਬੱਚਿਆਂ ਨੂੰ ਪੜਾ ਰਹੇ ਹਨ। ਜੇਕਰ ਉਹਨਾਂ ਨੂੰ ਬਾਡਰਾਂ ਉਤੇ ਫੀਜਿਕਲ ਡਿਊਟੀ ਨਿਭਾਉਣ ਦੇ ਹੁਕਮ ਜਾਰੀ ਹੁੰਦੇ ਹਨ ਤਾਂ ਬੱਚੇ ਆਨਲਾਈਨ ਸਿਖਿਆ ਤੋਂ ਵਾਂਝੇ ਰਹਿ ਜਾਣਗੇ। ਕੈਪਟਨ ਸਰਕਾਰ ਨੂੰ ਇਸ ਕੰਮ ਲਈ ਆਉਟਸੋਰਸ ਵਸੀਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜ਼ੋ ਬੇਰੋਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਮਿਲ ਸਕੇ। ਉਹਨਾਂ ਨੇ ਕੈਪਟਨ ਸਰਕਾਰ ਨੂੰ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਪਰਿਵਾਰਾਂ ਨੂੰ ਰਾਸ਼ਨ ਅਤੇ ਵਿੱਤੀ ਸਹਾਇਤਾਂ ਦੇਣ ਦੀ ਅਪੀਲ ਕੀਤੀ ਹੈ।