ਸਕੱਤਰੇਤ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਬਾਰੇ ਮਦਦ ਮੰਗੀ
ਚੰਡੀਗੜ੍ਹ: 6 ਮਈ 2021 - ਪੰਜਾਬ ਸਿਵਲ ਸਕੱਤਰੇਤ ਦੀ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਸਕੱਤਰੇਤ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਕਰੋਨਾ ਬਿਮਾਰੀ ਕਾਰਨ ਹੋ ਰਹੀਆਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨੀਂ ਸਕੱਤਰੇਤ ਵਿੱਚ ਕੰਮ ਕਰਦੇ ਨੌਜਵਾਨ ਕਰਮਚਾਰੀ ਨੇਤਾ ਭਗਵੰਤ ਸਿੰਘ ਬਦੇਸ਼ਾਂ ਸੀਨੀਅਰ ਸਹਾਇਕ/ਜਲ ਸਪਲਾਈ ਸ਼ਾਖਾ, ਲਲਿਤ ਜਿੰਦਲ, ਸੀਨੀਅਰ ਸਹਾਇਕ/ਡੀਪੀਆਰ, ਸੁਖਮੰਦਰ ਸਿੰਘ, ਨਿੱਜੀ ਸਹਾਇਕ, ਸਤਿੰਦਰ ਸਿੰਘ ਸੇਵਾਦਾਰ, ਹਰਦੇਵ ਸ਼ਰਮਾਂ, ਨਿੱਜੀ ਸਕੱਤਰ (ਰਿਟਾ.), ਬਲਵੰਤ ਕੌਰ ਸੀਨੀਅਰ ਸਹਾਇਕ (ਰਿਟਾ.) ਅਤੇ ਰਮਨ ਜੋਸ਼ੀ ਨਿੱਜੀ ਸਹਾਇਕ ਦੇ ਪਤੀ ਸੰਜੇ ਜੋਸ਼ੀ ਸਮੇਤ ਹੋਰ ਕਈ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ।
ਐਸੋਸੀਏਸ਼ਨ ਵੱਲੋਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਤ ਸਿੰਘ ਔਜਲਾ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਰੋਨਾ ਸੰਕਟ ਵਿੱਚ ਕਰਮਚਾਰੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀਆਂ ਕਰ ਰਹੇ ਹਨ। ਇਸ ਲਈ ਸਕੱਤਰੇਤ ਵਿੱਚ ਕਰੋਨਾ ਬਿਮਾਰੀ ਨਾਲ ਮਰਨ ਵਾਲੇ ਕਰਮਚਾਰੀ ਪਰਿਵਾਰ ਨੂੰ ਪੰਜਾਹ ਲੱਖ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ।