ਜਲੰਧਰ: ਬਿਨ੍ਹਾ ਵਜਾ ਘਰ ਤੋਂ ਬਾਹਰ ਨਿਕਲਕੇ ਸਿਹਤ ਸੰਭਾਲ ਕਾਮਿਆਂ ਤੇ ਮੋਹਰਲੀ ਕਤਾਰ ਦੇ ਯੋਧਿਆਂ ਦੀ ਮਿਹਨਤ ਬਰਬਾਦ ਨਾ ਕਰੋ - ਪੁਲਿਸ ਕਮਿਸ਼ਨਰ
- ਪਾਬੰਦੀਆਂ ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਹਨ
ਜਲੰਧਰ 06 ਮਈ 2021 -ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਬਿਨਾਂ ਵਜਾ ਘਰ ਤੋਂ ਬਾਹਰ ਨਿਕਲਕੇ ਇੱਧਰ-ਉੱਧਰ ਘੁੰਮ ਕੇ ਸਿਹਤ ਸੰਭਾਲ ਕਾਮਿਆਂ ਅਤੇ ਮੋਹਰਲੀ ਕਤਾਰ ਦੇ ਯੋਧਿਆਂ ਦੀ ਮਿਹਨਤ ਨੂੰ ਬਰਬਾਦ ਨਾ ਕੀਤਾ ਜਾਵੇ।
ਇਕ ਵੀਡੀਓ ਸੰਦੇਸ਼ ਵਿੱਚ ਸ੍ਰ.ਭੁੱਲਰ ਨੇ ਕਿਹਾ ਕਿ ਇਹ ਅਦ੍ਰਿਸ਼ ਦੁਸ਼ਮਣ ਦੇ ਖਿਲਾਫ਼ ਲੜਾਈ ਹੈ ਜੋ ਕਿ ਪਿਛਲੇ ਸਾਲ ਨਾਲੋਂ ਹੁਣ ਬਹੁਤ ਭਿਆਨਕ ਅਤੇ ਘਾਤਕ ਸਾਬਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਅਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਇਸ ਲੜਾਈ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬਿਨਾਂ ਵਜਾ ਸਮਾਜਿਕ ਇਕੱਠ ਕਰਨਾ ਸਿਹਤ ਬੁਨਿਆਦੀ ਢਾਂਚੇ ’ਤੇ ਹੋਰ ਬੋਝ ਬਣਦਾ ਹੈ , ਜੋ ਕਿ ਪਹਿਲਾਂ ਹੀ ਦਬਾਅ ਹੇਠ ਹੈ।
ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਅਜੇ ਵੀ ਕੋਵਿਡ-19 ਵਾਇਰਸ ਤੋਂ ਬਚਾਓ ਲਈ ਜਾਰੀ ਦਿਸ਼ਾ ਨਿਰਦੇਸਾਂ ਦੀ ਅਣਦੇਖੀ ਕਰ ਰਹੇ , ਜਿਸ ਨਾਲ ਕਿ ਕੋਰੋਨਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ।
ਭੁੱਲਰ ਨੇ ਕਿਹਾ ਕਿ ਪਾਬੰਦੀਆਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆ ਗਈਆ ਹਨ ਅਤੇ ਲੋਕਾਂ ਨੂੰ ਜਦੋਂ ਤੱਕ ਜਰੂਰੀ ਨਾ ਹੋਵੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।