ਦੁਕਾਨਦਾਰਾਂ ਦੇ ਬਾਗੀ ਤੇਵਰਾਂ ਨੂੰ ਦੇਖਦਿਆਂ ਝੁਕਿਆ ਬਠਿੰਡਾ ਪ੍ਰਸ਼ਾਸ਼ਨ
ਅਸ਼ੋਕ ਵਰਮਾ
- ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਬਠਿੰਡਾ,6ਮਈ2021: ਮਿੰਨੀ ਲਾਕਡਾਊਨ ਦੇ ਚੱਲਦਿਆਂ ਆ ਰਹੀਆਂ ਦਿੱਕਤਾਂ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਸ਼ਹਿਰ ’ਚ ਕੀਤੇ ਰੋਸ ਮੁਜਾਹਰਿਆਂ ਅਤੇ ਦਿਖਾਏ ਤਿੱਖੇ ਤੇਵਰਾਂ ਤੋਂ ਬਾਅਦ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਖਲ ਤੋਂ ਬਾਅਦ ਹਰ ਤਰਾਂ ਦੀਆਂ ਦੁਕਾਨਾਂ ਸਵੇਰੇ 10 ਤੋਂ 2 ਵਜੇ ਤੱਕ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਗਈ ਹੈ। ਅੱਜ ਵੀ ਮਿੱਡੂ ਮੱਲ ਸਟਰੀਟ ’ਚ ਭੁੱਖੇ ਮਰਨ ਦੇ ਡਰੋਂ ਦੁਕਾਨਦਾਰਾਂ ਨੇ ਧਰਨਾ ਲਾਇਆ ਸੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਤਾਂ ਪਿਛਲੇ ਲਾਕਡਾਊਨ ਦੇ ਪੱਟੇ ਤਾਬ ਨਹੀਂ ਆਏ ਸਨ ਕਿ ਹੁਣ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਗਲਾ ਘੁੱਟਣ ਦੇ ਰਾਹ ਪੈ ਗਈ ਹੈ। ਇਸ ਤੋਂ ਬਾਅਦ ਕਾਂਗਰਸੀ ਹਲਕਿਆਂ ਨੇ ਸਰਗਰਮੀ ਫੜੀ ਅਤੇ ਪ੍ਰਸ਼ਾਸ਼ਨ ਕੋਲ ਮੁੱਦਾ ਚੁੱਕਿਆ ਸੀ।
ਜਾਣਕਾਰੀ ਅਨੁਸਾਰ ਅੱਜ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ ’ਚ ਵਫ਼ਦ ਨੇ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੂੰ ਮਿਲਕੇ ਦੌਰਾਨ ਦੁਕਾਨਾਂ ਖੁੱਲ੍ਹਣ ਦੇ ਸਮੇਂ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ।ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਕਾਨਦਾਰ ਤੇ ਹੋਰ ਵਪਾਰੀ ਭਰਾਵਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਜਿਸ ਤਹਿਤ ਅੱਜ ਵਪਾਰੀਆਂ ਅਤੇ ਮਾਰਕੀਟ ਐਸੋਸੀਏਸ਼ਨ, ਵਪਾਰ ਮੰਡਲ ਆਦਿ ਦੇ ਆਗੂ ਅੱਜ ਮੀਟਿੰਗ ’ਚ ਸ਼ਾਮਿਲ ਹੋਏ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵਪਾਰੀਆਂ ਆਦਿ ਤੋਂ ਰਾਇ ਹਾਸਿਲ ਕਰਨ ਉਪਰੰਤ ਫੈਸਲਾ ਕੀਤਾ ਗਿਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੀਆਂ ਹੀ ਦੁਕਾਨਾਂ ਖੁੱਲ੍ਹਣਗੀਆਂ।
ਇਸ ਤੋਂ ਇਲਾਵਾ ਸਬਜੀ ਮੰਡੀ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਖੁੱਲ੍ਹੇਗੀ ਜਦੋਂਕਿ ਦੁੱਧ ਦਾ ਕਾਰੋਬਾਰ ਸ਼ਾਮ ਤੱਕ ਹੀ ਚਲਦਾ ਰਹੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 6 ਵਜੇ ਤੱਕ ਕਰਫਿਊ ’ਚ ਸਖਤੀ ਰਹੇਗੀ। ਉਨਾਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਦੇ ਇਸ ਕਹਿਰ ’ਚ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਵਪਾਰੀ ਵਰਗ ਤੋਂ ਇਲਾਵਾ ਕਾਂਗਰਸ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਆਦਿ ਹਾਜ਼ਰ ਸਨ। ਜਕਰ ਕਰਨਾ ਬਣਦਾ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਲਾਏ ਮਿੰਨੀ ਲਾਕਡਾਉਨ ਮਗਰੋਂ ਜਿਲ੍ਹਾ ਮੈਜਿਸਟਰੇਟ ਨੇ ਜਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਛੱਡਕੇ ਬਾਕੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਸਨ।
ਦੱਸਣਯੋਗ ਹੈ ਕਿ ਲੰਘੀ 4 ਮਈ ਨੂੰ ਸ਼ਹਿਰ ਦੇ ਫੌਜੀ ਚੌਂਕ ’ਚ ਦੁਕਾਨਾ ਖੋਹਲਣ ਦੇ ਮਾਮਲੇ ਨੂੰ ਲੈਕੇ ਧਰਨਾ ਲਾ ਦਿੱਤਾ ਸੀ। ਇਸ ਧਰਨੇ ਉਪਰੰਤ ਪੁਲਿਸ ਪ੍ਰਸ਼ਾਸ਼ਨ ਨੇ ਪੁਲਿਸ ਕੇਸ ਦਰਜ ਕਰਕੇ ਸਖਤੀ ਦਾ ਸੁਨੇਹਾਂ ਦਿੱਤਾ ਸੀ ਪਰ ਦੁਕਾਨਦਾਰਾਂ ਦੇ ਤੇਵਰਾਂ ’ਚ ਰਤਾ ਵੀ ਢਿੱਲ ਨਹੀਂ ਆਈ ਸੀ। ਵਪਾਰੀਆਂ ਦੀ ਦਲੀਲ ਸੀ ਕਿ ਜੇਕਰ ਪੰਜਾਬ ਸਰਕਾਰ ਲਈ ਸ਼ਰਾਬ ਵੇਚਣੀ ਲਾਜਮੀ ਹੈ ਤਾਂ ਉਨ੍ਹਾਂ ਦੇ ਕਾਰੋਬਰ ਕਿਸ ਤਰਾਂ ਗੈਰ ਜਰੂਰੀ ਹੋ ਗਏ। ਸ਼ਹਿਰ ’ਚ ਦੁਕਾਨਦਾਰਾਂ ’ਚ ਫੈਲੇ ਰੋਸ ਨੂੰ ਦੇਖਦਿਆਂ ਕਾਂਗਰਸ ਅੱਜ ਅੱਗੇ ਆਈ ਅਤੇ ਸਮੇਂ ’ਚ ਤਬਦੀਲੀ ਕਰਵਾ ਦਿੱਤੀ ਹੈ।