ਜੈਤੋ: ਥਾਣਾ ਮੁਖੀ ਨੇ ਬੈਂਕ ਅਧਿਕਾਰੀਆਂ ਨਾਲ ਕੀਤਾ ਵਿਚਾਰ ਵਟਾਂਦਰਾ- ਮਾਮਲਾ ਕੋਵਿਡ ਗਾਈਡਲਾਈਨਜ਼ ਦਾ
ਮਨਿੰਦਰਜੀਤ ਸਿੱਧੂ
- ਲੋਕ ਸਿਰਫ ਜਰੂਰੀ ਕੰਮਾਂ ਲਈ ਹੀ ਬੈਂਕਾਂ ਵਿੱਚ ਜਾਣ, ਗੈਰ ਜਰੂਰੀ ਕੰਮਾਂ ਲਈ ਘਰੋਂ ਨਾ ਨਿੱਕਲੋ- ਇੰਸਪੈਕਟਰ ਰਾਜੇਸ਼ ਕੁਮਾਰ
ਜੈਤੋ, 6 ਮਈ, 2021 - ਸ਼ਹਿਰ ਦੀਆਂ ਸਰਕਾਰੀ ਅਤੇ ਨਿੱਜੀ ਬੈਂਕਾਂ ਦੇ ਅੰਦਰ ਅਤੇ ਬਾਹਰ ੳੁੱਡਦੀਆਂ ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਨੂੰ ਦੇਖ ਚਿੰਤਤ ਹੋਏ ਜੈਤੋ ਦੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਸ਼ਹਿਰ ਦੀਆਂ ਸਾਰੀਆਂ ਬੈਂਕਾਂ ਦੇ ਪ੍ਰਬੰਧਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਉਹਨਾਂ ਜੈਤੋ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਅਤੇ ਹੋ ਰਹੀਆਂ ਮੌਤਾਂ ਉੱਪਰ ਚਿੰਤਾ ਪ੍ਰਗਟਾਉਂਦਿਆਂ ਬੈਂਕਾਂ ਦੀ ਭੀੜ ਉੱਪਰ ਗੱਲ ਸ਼ੁਰੂ ਕੀਤੀ।
ਇਸ ਮੀਟਿੰਗ ਵਿੱਚ ਉਹਨਾਂ ਬੈਂਕਾਂ ਮੈਨੇਜਰ ਪਾਸੋਂ ਲੋਕਾਂ ਦੇ ਇਕੱਠ ਦੇ ਪ੍ਰਬੰਧਨ ਅਤੇ ਸਰਕਾਰੀ ਗਾਈਡਲਾਈਨਜ਼ ਦੇ ਪਾਲਣ ਬਾਰੇ ਸੁਝਾਅ ਮੰਗੇ।ਇਸ ਮੀਟਿੰਗ ਵਿੱਚ ਇਹ ਗੱਲ ਸਭ ਨੇ ਮੰਨੀ ਅਤੇ ਇੰਸਪੈਕਟਰ ਰਾਜੇਸ਼ ਕੁਮਾਰ ਨੇ ਸਪੱਸ਼ਟ ਕਰਨ ਲਈ ਦੁਹਰਾਈ ਕਿ ਹਰੇਕ ਬੈਂਕ ਦੇ ਬਾਹਰ ਲੋਕਾਂ ਦੇ ਉਡੀਕ ਕਰਨ ਲਈ ਕੁਰਸੀਆਂ ਅਤੇ ਛਾਂ ਦਾ ਪ੍ਰਬੰਧ ਕੀਤਾ ਜਾਵੇਗਾ, ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ, ਬੈਂਕ ਦੇ ਪ੍ਰਵੇਸ਼ ਦੁਆਰ ਦੇ ਅੰਦਰ ਇੱਕ ਵਾਰ ਵਿੱਚ ਪੰਜ-ਸੱਤ ਵਾਰ ਤੋਂ ਵੱਧ ਗ੍ਰਾਹਕ ਅੰਦਰ ਨਹੀਂ ਭੇਜੇ ਜਾ ਸਕਣਗੇ।ਹਰੇਕ ਗ੍ਰਾਹਕ ਅਤੇ ਬੈਂਕ ਕਰਮੀ ਦੇ ਮੂੰਹ ਉੱਪਰ ਮਾਸਕ ਲੱਗਿਆ ਹੋਣਾ ਲਾਜ਼ਮੀ ਹੋਵੇਗਾ। ਮੁੱਖ ਦੁਆਰ ਉੱਪਰ ਸੈਨੀਟਾਈਜੇਸ਼ਨ ਦਾ ਪ੍ਰਬੰਧ ਹੋਵੇਗਾ ਅਤੇ ਲੋਕਾਂ ਦੀ ਆਪਸੀ ਦੂਰੀ ਦਾ ਧਿਆਨ ਰੱਖਿਆ ਜਾਵੇਗਾ।
ਇਸ ਮੌਕੇ ਉਹਨਾਂ ਬੈਂਕ ਕਰਮੀਆਂ ਨੂੰ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਆਪਣਾ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਪੂਰਾ ਖਿਆਲ ਰੱਖੋ।ਪੁਲਿਸ ਵੱਲੋਂ ਬੈਂਕਾਂ ਨੂੰ ਹਰ ਪ੍ਰਕਾਰ ਦੀ ਸੁਰੱਖਿਆ ਅਤੇ ਸਹਾਇਤਾ ਦਾ ਭਰੋਸਾ ਦਿਵਾਇਆ ਗਿਆ। ਸਮੂਹ ਬੈਂਕ ਪ੍ਰਬੰਧਕਾਂ ਨੇ ਥਾਣਾ ਮੁਖੀ ਦੀਆਂ ਗੱਲਾਂ ਨਾਲ ਸਹਿਮਤੀ ਪ੍ਰਗਟਾਈ।ਇਸ ਮੌਕੇ ਪ੍ਰੈੱਸ ਦੇ ਪ੍ਰਤੀਨਿਧੀਆਂ ਰਾਹੀਂ ਥਾਣਾ ਮੁਖੀ ਅਤੇ ਬੈਂਕ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਰਫ ਬਹੁਤ ਜਰੂਰੀ ਕੰਮਾਂ ਲਈ ਬੈਂਕਾਂ ਵਿੱਚ ਆਉਣ।ਪਾਸਬੁੱਕ ਪੂਰੀ ਕਰਵਾਉਣਾ ਜਾਂ ਹੋਰ ਗੈਰ ਜਰੂਰੀ ਕੰਮਾਂ ਲਈ ਬੈਂਕਾਂ ਵਿੱਚ ਆ ਕੇ ਭੀੜ ਨਾ ਕੀਤੀ ਜਾਵੇ।