ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲਣ ਵਾਲੇ ਪ੍ਰਾਈਵੇਟ ਟੈਸਟਿੰਗ ਸੈਂਟਰਾਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ - ਡੀ.ਸੀ.ਰੂਪਨਗਰ
ਹਰੀਸ਼ ਕਾਲੜਾ
- ਪੰਜਾਬ ਸਰਕਾਰ ਵੱਲੋਂ ਆਰ ਟੀ ਪੀਸੀਆਰ ਟੈਸਟ ਲਈ 400 ਰੁਪਏ ਅਤੇ ਰੈਟ ਟੈਸਟਿੰਗ ਲਈ 300 ਰੁਪਏ ਦੀ ਹੱਦਬੰਦੀ ਫਿਕਸ ਕੀਤੀ ਗਈ
ਰੂਪਨਗਰ 7 ਮਈ 2021 - ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਜਿਲੇ ਦੇ ਉਨ੍ਹਾਂ ਸਭ ਸਿਹਤ ਕੇਂਦਰਾਂ ਪ੍ਰਾਈਵੇਟ ਟੈਸਟਿੰਗ ਲੈਬ ਖ਼ਿਲਾਫ਼ ਭਾਰਤੀ ਦੰਡਾਵਲੀ ਆਈਪੀਸੀ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਧਾਰਾਵਾਂ ਹੇਠ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਪੰਜਾਬ ਸਰਕਾਰ ਵੱਲੋਂ ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਗਏ ਰੇਟਾਂ ਤੋਂ ਵੱਧ ਪੈਸੇ ਵਸੂਲ ਰਹੇ ਹਨ ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਪਾਸਿਓਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਜ਼ਿਲ੍ਹਾ ਰੂਪਨਗਰ ਵਿੱਚ ਕੁਝ ਪ੍ਰਾਈਵੇਟ ਟੈਸਟਿੰਗ ਲੈਬਜ਼ ਪੰਜਾਬ ਸਰਕਾਰ ਵੱਲੋਂ ਆਰ ਟੀ ਪੀਸੀਆਰ ਟੈਸਟ ਲਈ ਮਿੱਥੇ ਗਏ 400 ਰੁਪਏ ਤੋਂ ਵੱਧ ਪੈਸੇ ਵਸੂਲ ਰਹੇ ਹਨ। ਸੋਨਾਲੀ ਗਿਰੀ ਨੇ ਅਜਿਹੇ ਸਭ ਪ੍ਰਾਈਵੇਟ ਟੈਸਟਿੰਗ ਲੈਬਜ਼ ਅਤੇ ਸਿਹਤ ਕੇਂਦਰਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਕਿ ਜੇਕਰ ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 19 ਅਪਰੈਲ ਨੂੰ ਜਾਰੀ ਆਪਣੇ ਹੁਕਮਾਂ ਮੁਤਾਬਕ ਪੰਜਾਬ ਭਰ ਵਿੱਚ ਆਰ ਟੀ ਪੀਸੀਆਰ ਟੈਸਟ ਲਈ 400 ਰੁਪਏ ਦੀ ਹੱਦ ਫਿਕਸ ਕੀਤੀ ਗਈ ਸੀ ਜਦਕਿ ਰੈਟ ਟੈਸਟਿੰਗ ਲਈ 300 ਰੁਪਏ ਦੀ ਹੱਦ ਫਿਕਸ ਕੀਤੀ ਗਈ ਹੈ।