ਹੁਸ਼ਿਆਰਪੁਰ: ਲੋੜਵੰਦ ਵਿਅਕਤੀਆਂ ਨੂੰ ਹੀ ਸਰਕਾਰੀ ਸਹੂਲਤਾਂ ਦਾ ਲਾਭ ਯਕੀਨੀ ਬਣਾਇਆ ਜਾਵੇ : ਰਜਨੀਸ਼ ਕੌਰ
ਹੁਸ਼ਿਆਰਪੁਰ, 7 ਮਈ 2021 - ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਜਨੀਸ਼ ਕੌਰ ਦੀ ਪ੍ਰਧਾਨਗੀ ਹੇਠ ਡੀਪੂ ਹੋਲਡਰ ਯੂਨੀਅਨ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਜ਼ਿਲ੍ਹਾ ਕੰਟਰੋਲਰ ਨੇ ਡੀਪੂ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਕੇਵਲ ਲੋੜਵੰਦ ਵਿਅਕਤੀਆਂ ਨੂੰ ਹੀ ਸਰਕਾਰੀ ਸਹੂਲਤਾਂ ਦਾ ਲਾਭ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ, ਲੜਕੀ ਦਾ ਵਿਆਹ ਹੋ ਚੁੱਕਾ ਹੈ ਜਾਂ ਕੋਈ ਮੈਂਬਰ ਵਿਦੇਸ਼ ਚਲਾ ਗਿਆ ਹੈ, ਤਾਂ ਇਸ ਤਰ੍ਹਾਂ ਦੇ ਮੈਂਬਰ ਆਪਣੇ ਨਿਰੀਖਕ ਨਾਲ ਤਾਲਮੇਲ ਕਰਕੇ ਪੋਰਟਲ ਤੋਂ ਡਲੀਟ ਕਰਵਾਏ ਜਾਣ।
ਰਜਨੀਤ ਕੌਰ ਨੇ ਜ਼ਿਲ੍ਹੇ ਵਿੱਚ ਪੈਂਦੇ ਰਾਸ਼ਨ ਕਾਰਡ ਧਾਰਕਾਂ, ਸ਼ਹਿਰਾਂ ਦੇ ਐਮ.ਸੀ. ਅਤੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹਲਕੇ ਵਿੱਚ ਪੈਂਦੇ ਡੀਪੂ ਹੋਲਡਰ ਜਾਂ ਨਿਰੀਖਕ ਨੂੰ ਵੀ ਜਾਣੂ ਕਰਵਾਉਣ ਕਿ ਜੇਕਰ ਕਿਸੇ ਵਿਅਕਤੀ ਦੀ ਮੌਤ, ਲੜਕੀ ਦੇ ਵਿਆਹ ਹੋਣ ਜਾਂ ਕੋਈ ਵਿਦੇਸ਼ ਚਲਾ ਗਿਆ ਹੈ ਤਾਂ ਉਹ ਰਾਸ਼ਨ ਕਾਰਡ ਵਿੱਚੋਂ ਨਾਮ ਨੂੰ ਕਟਾਉਣ। ਉਨ੍ਹਾਂ ਦੱਸਿਆ ਕਿ ਕੇਵਲ ਲੋੜਵੰਦ ਵਿਅਕਤੀ ਹੀ ਸਰਕਾਰੀ ਸਹੂਲਤ ਦਾ ਲਾਭ ਉਠਾਉਣ ਦੇ ਮਕਸਦ ਨਾਲ ਹੀ ਇਹ ਕਦਮ ਉਠਾਇਆ ਗਿਆ ਹੈ।