ਸੁਲਤਾਨਪੁਰ ਲੋਧੀ: ਦੋ ਮੁੱਖ ਮਹੱਲੇ ਜੈਨੀਆ ਤੇ ਅਰੋੜਾ ਰਸਤਾ ਨੂੰ ਕੰਟੋਨਮੈਂਟ ਜ਼ੋਨ ਐਲਾਨਿਆ
ਬਲਵਿੰਦਰ ਸਿੰਘ ਧਾਲੀਵਾਲ
- ਮੁਹੱਲੇ ਦੇ ਮੁੱਖ ਐਂਟਰੀ ਗੇਟ ਸੀਲ ਪੁਲਸ ਦਾ ਸਖ਼ਤ ਪਹਿਰਾ,
- ਸਿਹਤ ਵਿਭਾਗ ਹਰੇਕ ਦਾ ਕਰ ਰਿਹੈ ਕੋਰੋਨਾ ਟੈਸਟ
ਸੁਲਤਾਨਪੁਰ ਲੋਧੀ 7 ਮਈ 2021 - ਪਾਵਨ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਦੇ ਅੰਦਰੂਨੀ ਖੇਤਰ ਵਿੱਚ ਦੋ ਮੁਹੱਲਿਆਂ ਵਿਚ 9 ਕੇਸ ਪਾਜੇਟਿਵ ਆਉਣ ਤੇ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਦੋਵੇਂ ਮੁਹੱਲਿਆਂ ਨੂੰ ਕੰਟੋਨਮੈਂਟ ਜ਼ੋਨ ਘੋਸ਼ਿਤ ਕਰਕੇ ਸੀਲ ਕਰ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸਐੱਮਓ ਸੁਲਤਾਨਪੁਰ ਲੋਧੀ ਡਾ. ਰਵਿੰਦਰ ਸ਼ੁਭ ਨੇ ਦੱਸਿਆ ਕਿ ਬੀਤੇ ਦਿਨੀਂ ਮੁਹੱਲਾ ਜੈਨੀਆਂ ਵਿੱਚ ਇਕ ਹੀ ਪਰਿਵਾਰ ਦੇ 4 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਨ੍ਹਾਂ ਨੂੰ ਘਰ ਵਿੱਚ ਹੀ ਤੁਰੰਤ ਕੁਆਰਟੀਨ ਕਰ ਦਿੱਤਾ ਹੈ ਅਤੇ ਇਸੇ ਤਰ੍ਹਾਂ ਮੁਹੱਲਾ ਅਰੋੜਾ ਰਸਤਾ ਵਿਚ ਵੀ ਇਕ ਹੀ ਪਰਿਵਾਰ ਦੇ 5 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਲਗਾਤਾਰ ਵਧਦੀ ਰਫਤਾਰ ਨੂੰ ਵੇਖਦਿਆਂ ਦੋਵੇਂ ਖੇਤਰ ਕੰਟੋਨਮੈਂਟ ਜ਼ੋਨ ਬਣਾ ਕੇ ਸੀਲ ਕਰ ਦਿੱਤੇ ਹਨ ਅਤੇ ਉਨ੍ਹਾਂ ਮੁਹੱਲਿਆਂ ਵਿੱਚ ਕਿਸੇ ਵੀ ਬਾਹਰੀ ਵਿਅਕਤੀ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਹੈ। ਮਹੱਲੇ ਵਿੱਚ ਬਾਕੀ ਰਹਿੰਦੇ ਸਾਰੇ ਲੋਕਾਂ ਦੇ ਵਿਭਾਗ ਕੋਰੋਨਾ ਟੈਸਟ ਲੈ ਰਿਹਾ ਹੈ ਤਾਂ ਕਿ ਇਸ ਨਾਲ ਹੋਰ ਲੋਕ ਵੀ ਸੁਰੱਖਿਅਤ ਰਹਿਣ। ਡਾ. ਸ਼ੁੱਭ ਨੇ ਦੱਸਿਆ ਕਿ ਲੋਕ ਡਰਦੇ ਹੋਏ ਜਾਣਬੁੱਝ ਕੇ ਕੋਰੋਨਾ ਟੈਸਟ ਤੋਂ ਇਨਕਾਰ ਕਰ ਰਹੇ ਹਨ ਪ੍ਰੰਤੂ ਇਸ ਨਾਲ ਅਸੀਂ ਖ਼ੁਦ ਮਹਾਂਮਾਰੀ ਨੂੰ ਹੋਰ ਫੈਲਣ ਵਿਚ ਸਹਿਯੋਗ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇ ਵਿਅਕਤੀ ਸ਼ੁਰੂਆਤੀ ਲੱਛਣਾਂ ਵਿੱਚ ਆ ਕੇ ਟੈਸਟ ਕਰਵਾ ਲਵੇ ਤਾਂ ਉਸ ਨੂੰ ਬਿਮਾਰੀ ਦਾ ਜਲਦ ਪਤਾ ਲਗਾ ਕੇ ਉਸ ਦਾ ਇਲਾਜ ਕੀਤਾ ਜਾਂਦਾ ਹੈ। ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕ ਤੰਦਰੁਸਤ ਹੋ ਕੇ ਆਪਣੇ ਘਰਾਂ ਵਿੱਚ ਵੀ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਡਬਲਯੂ ਐਚ ਓ ਮੁਤਾਬਕ ਆਉਣ ਵਾਲੇ 15 ਦਿਨ ਦੇਸ਼ ਤੇ ਸੂਬੇ ਲਈ ਬਹੁਤ ਖ਼ਤਰਨਾਕ ਹਨ । ਇਸ ਕਾਰਨ ਇਸ ਤੋਂ ਬਚਾਓ ਵਿੱਚ ਹੀ ਬਚਾਓ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਗੈਰ ਮਤਲਬ ਤੋਂ ਕਿਸੇ ਵੀ ਕੀਮਤ ਤੇ ਘਰ ਤੋਂ ਬਾਹਰ ਨਾ ਨਿਕਲਣ ਅਤੇ ਮੂੰਹ ਤੇ ਮਾਸਕ ਜ਼ਰੂਰ ਪਹਿਨਣ, ਹੱਥਾਂ ਨੂੰ ਵਾਰ ਵਾਰ ਸੈਨੇਟਾਈਜ਼ਰ ਕਰਨ ਤੋਂ ਇਲਾਵਾ ਸਾਬਣ ਨਾਲ ਵੀ ਧੋਣ। ਦੋਵੇਂ ਮੁਹੱਲਿਆਂ ਵਿਚ ਪੁਲਸ ਦਾ ਸਖਤ ਪਹਿਰਾ ਲਗਾ ਦਿੱਤਾ ਗਿਆ ਹੈ।
ਡੀ ਐੱਸ ਪੀ ਵੱਲੋਂ ਕੀਤੀ ਲੋਕਾਂ ਨੂੰ ਸਹਿਯੋਗ ਦੀ ਅਪੀਲ- ਪਾਵਨ ਨਗਰੀ ਵਿੱਚ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ ਡੀ ਐੱਸਪੀ ਸਰਵਣ ਸਿੰਘ ਬੱਲ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਪੁਲਸ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਇੱਧਰ ਉੱਧਰ ਘੁੰਮ ਕੇ ਸਿਹਤ ਵਿਭਾਗ ਅਤੇ ਫਰੰਟ ਲਾਈਨ ਜੋਧਾ ਦੀ ਮਿਹਨਤ ਨੂੰ ਬਰਬਾਦ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਇਹ ਲੜਾਈ ਅਲੋਪ ਦੁਸ਼ਮਣ ਦੇ ਨਾਲ ਹੈ ਜੋ ਕਿ ਬੀਤੇ ਸਾਲ ਤੋਂ ਵੀ ਜ਼ਿਆਦਾ ਖ਼ਤਰਨਾਕ ਤੇ ਘਾਤਕ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿ ਕੇ ਇਸ ਲੜਾਈ ਵਿਚ ਯੋਗਦਾਨ ਦੇਣਾ ਚਾਹੀਦਾ ਹੈ। ਡੀਐੱਸਪੀ ਬੱਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਹਾਲੇ ਵੀ ਕੋਵਿਡ -19 ਵਾਇਰਸ ਦੇ ਬਚਾਓ ਦੇ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਹਨ ਜਿਸ ਨਾਲ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਬਲ ਨੇ ਕਿਹਾ ਕਿ ਪਾਬੰਦੀਅਾਂ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਜਿਸ ਵਿਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।