ਮੋਹਾਲੀ: ਜ਼ਿਲ੍ਹੇ ਵਿਚਲੀਆਂ ਦੁਕਾਨਾਂ ਔਡ-ਈਵਨ ਪ੍ਰਣਾਲੀ `ਤੇ ਖੋਲ੍ਹਣ ਸਬੰਧੀ ਸਰਕਾਰ ਨੂੰ ਭੇਜਿਆ ਜਾਵੇਗਾ ਪ੍ਰਸਤਾਵ - ਡੀ ਸੀ
ਹਰਜਿੰਦਰ ਸਿੰਘ ਭੱਟੀ
- ਪ੍ਰਾਈਵੇਟ ਦਫ਼ਤਰ 33 ਫ਼ੀਸਦ ਸਟਾਫ ਨਾਲ ਖੋਲ੍ਹਣ ਦੀ ਮੱਦ ਵੀ ਕੀਤੀ ਜਾਵੇਗੀ ਸ਼ਾਮਲ
- ਦੁਕਾਨਦਾਰਾਂ ਦੇ ਵਪਾਰੀਆਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਕੋਵਿਡ ਟੈਸਟਿੰਗ ਕਿੱਟਾਂ
- ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਆਪਣੀ ਤੇ ਅਮਲੇ ਦੀ ਵੈਕਸੀਨੇਸ਼ਨ ਕਰਵਾਉਣ ਦਾ ਭਰੋਸਾ
- ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਮੀਟਿੰਗ
ਐਸ.ਏ.ਐਸ. ਨਗਰ, 07 ਮਈ 2021 - ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਜਿ਼ਲ੍ਹੇ ਦੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਇੱਥੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿ਼ਲ੍ਹੇ ਦੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜਿ਼ਲ੍ਹੇ ਵਿਚਲੀਆਂ ਦੁਕਾਨਾਂ ਔਡ-ਈਵਨ ਪ੍ਰਣਾਲੀ ਦੇ ਆਧਾਰ ਉਤੇ ਹਫ਼ਤੇ ਵਿੱਚ 06 ਦਿਨ ਤੈਅ ਸਮੇਂ ਲਈ ਖੋਲ੍ਹਣ ਬਾਰੇ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾਵੇਗਾ। ਉਸ ਪ੍ਰਸਤਾਵ ਵਿੱਚ ਇਹ ਮੱਦ ਵੀ ਸ਼ਾਮਲ ਕੀਤੀ ਜਾਵੇਗੀ ਕਿ ਜਿ਼ਲ੍ਹੇ ਵਿਚਲੇ ਪ੍ਰਾਈਵੇਟ ਦਫ਼ਤਰ 33 ਫ਼ੀਸਦ ਸਟਾਫ਼ ਨਾਲ ਖੋਲ੍ਹੇ ਜਾ ਸਕਣ। ਹਾਲਾਂਕਿ ਜ਼ਰੂਰੀ ਵਸਤਾਂ ਸਬੰਧੀ ਦੁਕਾਨਾਂ ਪਹਿਲਾਂ ਜਾਰੀ ਨਿਰਦੇਸ਼ਾਂ ਮੁਤਾਬਕ ਹੀ ਖੁੱਲ੍ਹਦੀਆਂ ਰਹਿਣਗੀਆਂ।
ਡਿਪਟੀ ਕਮਿਸ਼ਨਰ ਸ੍ਰੀ ਦਿਆਲਨ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਪਾਬੰਦੀਆਂ ਲਾਈਆਂ ਗਈਆਂ ਹਨ, ਉਹ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਹੀ ਲਾਈਆਂ ਗਈਆਂ ਹਨ। ਜਿ਼ਲ੍ਹਾ ਪ੍ਰਸ਼ਾਸਨ ਦੁਕਾਨਦਾਰਾਂ ਤੇ ਵਪਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਦੁਕਾਨਦਾਰਾਂ ਤੇ ਵਪਾਰੀਆਂ ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਰੱਖੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਪਰੋਕਤ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ।
ਸ਼੍ਰੀ ਦਿਆਲਨ ਨੇ ਕਿਹਾ ਕਿ ਜਿ਼ਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਖਿਲਾਫ ਜੰਗ ਵਿੱਚ ਦੁਕਾਨਦਾਰਾਂ ਤੇ ਵਪਾਰੀਆਂ ਦੇ ਸਹਿਯੋਗ ਦੀ ਬਹੁਤ ਲੋੜ ਹੈ। ਇਸ ਲਈ ਦੁਕਾਨਦਾਰ ਤੇ ਵਪਾਰੀ ਇਹ ਗੱਲ ਯਕੀਨੀ ਬਨਾਉਣ ਕਿ ਇੱਕ ਤਾਂ ਉਹ ਕੋਰੋਨਾ ਤੋਂ ਬਚਾਅ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਦੂਜਾ ਆਪਣੀ, ਆਪਣੇ ਪਰਿਵਾਰ ਤੇ ਆਪਣੇ ਅਮਲੇ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਉਣ।
ਦੁਕਾਨਦਾਰਾਂ ਤੇ ਵਪਾਰੀਆਂ ਨੇ ਜਿੱਥੇ ਕਿਤੇ ਵੀ ਵੈਕਸੀਨੇਸ਼ਨ ਜਾਂ ਟੈਸਟਿੰਗ ਕੈਂਪ ਲਾਉਣੇ ਹਨ, ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉਥੇ ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਖਿ਼ਲਾਫ਼ ਜੰਗ ਵਿੱਚ ਟੈਸਟਿੰਗ ਅਹਿਮ ਹਥਿਆਰ ਹੈ। ਇਸ ਦੇ ਮੱਦੇਨਜ਼ਰ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਟੈਸਟਿੰਗ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜ਼ੋ ਉਹ ਲਗਾਤਾਰ ਅਪਣੀ ਟੈਸਟਿੰਗ ਕਰਦੇ ਰਹਿਣ।
ਇਸ ਦੇ ਨਾਲ ਨਾਲ ਰੇਹੜੀ ਫੜ੍ਹੀ ਵਾਲਿਆਂ ਦੀ ਵੈਕਸੀਨੇਸ਼ਨ ਤੇ ਟੈਸਟਿੰਗ ਲਈ ਵਿਸੇ਼ਸ਼ ਉਪਰਾਲੇ ਜਾਰੀ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇੱਕ ਹਫ਼ਤੇ ਬਾਅਦ ਹਾਲਾਤ ਦਾ ਜਾਇਜ਼ਾ ਲੈ ਕੇ ਮੁੜ ਨਵੇਂ ਪ੍ਰਸਤਾਵ ਤਹਿਤ ਅਗਲਾ ਫ਼ੈਸਲਾ ਲਿਆ ਜਾਵੇਗਾ।
ਇਸ ਮੌਕੇ ਜਿ਼ਲ੍ਹੇ ਪੁਲੀਸ ਮੁਖੀ ਸ਼੍ਰੀ ਸਤਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਸ ਲਈ ਹਰ ਨਾਗਰਿਕ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰ ਕੇ ਮਿਸ਼ਨ ਫ਼ਤਹਿ ਤਹਿਤ ਸਰਕਾਰ ਨੂੰ ਸਹਿਯੋਗ ਦੇਵੇ ਤੇ ਨਿਯਮਾਂ ਦੀ ਉਲੰਘਣਾ ਬਿਲਕੁਲ ਨਾ ਕੀਤੀ ਜਾਵੇੇ।
ਇਸ ਮੌਕੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਜਿ਼ਲ੍ਹਾ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸਿ਼ਕਾ ਜੈਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੀਵ ਕੁਮਾਰ ਗੁਪਤਾ, ਸਹਾਇਕ ਕਮਿਸ਼ਨਰ ਤਰਸੇਮ ਚੰਦ, ਐਸ ਡੀ ਐਮ ਮੋਹਾਲੀ ਜਗਦੀਪ ਸਹਿਗਲ, ਐਸ ਡੀ ਐਮ ਖਰੜ ਹਿਮਾਂਸ਼ੂ ਜੈਨ, ਐਸ ਡੀ ਐਮ ਡੇਰਾਬਸੀ ਕੁਲਦੀਪ ਬਾਵਾ, ਮੋਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਨੀਤ ਵਰਮਾ ਤੇ ਸੀਨੀਅਰ ਮੀਤ ਪ੍ਰਧਾਨ ਇਕਵਿੰਦਰ ਸਿੰਘ ਗੋਸਲ ਸਮੇਤ ਜਿ਼ਲ੍ਹੇ ਦੇ ਦੁਕਾਨਦਾਰ ਤੇ ਵਪਾਰੀ ਸ਼ਾਮਲ ਸਨ।