'ਆਪ' ਨੇ ਮਾਨਸਾ ਜ਼ਿਲ੍ਹੇ ਦੇ ਦੁਕਾਨਦਾਰਾਂ ਦੇ ਹੱਕ ਵਿਚ ਮਾਰਿਆ ਹਾਂ ਦਾ ਨਾਅਰਾ
ਸੰਜੀਵ ਜਿੰਦਲ
- ਹਲਕਾ ਬੁਢਲਾਡਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਮੌਜੂਦਗੀ ਵਿਚ ਦਿੱਤਾ ਡੀ ਸੀ ਮਾਨਸਾ ਨੂੰ ਮੰਗ ਪੱਤਰ
ਮਾਨਸਾ 7 ਮਈ 2021 - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਜ਼ਿਲ੍ਹਾ ਮਾਨਸਾ ਟਰੇਡ ਵਿੰਗ ਨੇ ਮਿੰਨੀ ਲਾਕਡਾਊਨ ਦੇ ਸਬੰਧ ਵਿੱਚ ਦੁਕਾਨਦਾਰਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਪੰਜਾਬ ਸਰਕਾਰ ਦੁਕਾਨਾਂ ਖੋਲਣ ਲਈ ਨਿਸ਼ਚਿਤ ਸਮਾਂ ਦੇਵੇ । ਜਿਸ ਨਾਲ ਉਹ ਆਪਣਾ ਕਾਰੋਬਾਰ ਚੱਲਦਾ ਰੱਖ ਸਕਣ ਤੇ ਉਹ ਮੁੜ ਲਾਕਡਾਊਨ ਦੀ ਤਰ੍ਹਾਂ ਆਰਥਿਕ ਮੰਦੀ ਦੀ ਮਾਰ ਹੇਠ ਨਾ ਆਉਣ।
ਇਸ ਦੀ ਅਗਵਾਈ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸਪੀਲ ਬੁੱਧ ਰਾਮ ਅਤੇ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਸੂਬਾ ਜਰਨਲ ਸੈਕਟਰੀ ਡਾ. ਵਿਜੇ ਸਿੰਗਲਾ ਨੇ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਪਹਿਲੇ ਲਾਕਡਾਊਨ ਦੌਰਾਨ ਮੰਦੀ ਦੀ ਮਾਰ ਵਿੱਚ ਪਿਸ ਚੁੱਕੇ ਦੁਕਾਨਦਾਰ ਹਾਲੇ ਤੱਕ ਉਭਰ ਨਹੀਂ ਸਕੇ ਹਨ, ਪਰ ਹੁਣ ਮਿੰਨੀ ਲਾਕਡਾਊਨ ਨੇ ਉਨ੍ਹਾਂ ਨੂੰ ਫਿਰ ਅਜਿਹੇ ਸੰਕਟ ਵਿੱਚ ਪਾ ਦਿੱਤਾ ਹੈ ।
ਉਨ੍ਹਾਂ ਦੇ ਘਰਾਂ ਦੇ ਚੁੱਲੇ ਠੰਡੇ ਹੋਣ ਲੱਗੇ ਹਨ। ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਕੋਰੋਨਾ ਮਹਾਮਾਰੀ ਵਿਕਰਾਲ ਰੂਪ ਧਾਰਨ ਕਰ ਰਹੀ ਹੈ ਤੇ ਇਸ ਤੇ ਪਾਬੰਦੀਆਂ ਲਾਉਣੀਆਂ ਬਣਦੀਆਂ ਹਨ, ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਰਾਂ ਕਾਰੋਬਾਰਾਂ ਅਤੇ ਦੁਕਾਨਦਾਰਾਂ ਦੀ ਤਰ੍ਹਾਂ ਮੁਨਿਆਰੀ ਵਾਲੇ, ਕਰਿਆਨਾ ਸਟੋਰਾਂ, ਕੱਪੜਾ ਵਪਾਰੀ, ਰੇਡੀਮੇਡ ਮੇਕਰ, ਸ਼ੂਜ ਦੁਕਾਨਾਂ ਆਦਿ ਖੋਲ੍ਹਣ ਦਾ ਇੱਕ ਸਮਾਂ ਦੇਵੇ, ਜਿਸ ਨਾਲ ਇਹ ਦੁਕਾਨਦਾਰ ਵੀ ਵਾਰੋ ਵਾਰੀ ਸਮੇਂ ਸਿਰ ਆਪਣੀ ਦੁਕਾਨਾਂ ਖੋਲ੍ਹ ਕੇ ਆਪਣਾ ਕਾਰੋਬਾਰ ਚੱਲਦਾ ਰੱਖ ਸਕਣ। ਉਨ੍ਹਾਂ ਕਿਹਾ ਕਿ ਅੱਜ ਮਿੰਨੀ ਲਾਕਡਾਊਨ ਦੌਰਾਨ ਛੋਟੇ ਦੁਕਾਨਦਾਰ ਮੰਦੀ ਦੀ ਮਾਰ ਵਿੱਚ ਹਨ ਅਤੇ ਅਜਿਹੀ ਸਥਿਤੀ ਚ ਉਨ੍ਹਾਂ ਤੋਂ ਦੁਕਾਨਾਂ ਦੇ ਬਿਜਲੀ ਬਿੱਲ ਤੇ ਹੋਰ ਖਰਚੇ ਪੂਰੇ ਨਹੀਂ ਹੋ ਰਹੇ।
ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਹ ਲਾਕਡਾਊਨ ਲਾ ਕੇ ਰੱਖਣਾ ਚਾਹੁੰਦੀ ਹੈ ਤਾਂ ਉਹ ਇੰਨਾਂ ਦੁਕਾਨਦਾਰਾਂ ਦੇ ਬਿਜਲੀ ਬਿੱਲ ਭੁਗਤਾਨ ਕਰਨ ਤੋਂ ਇਲਾਵਾ ਪ੍ਰਤੀ ਦੁਕਾਨਦਾਰ ਉਨ੍ਹਾਂ ਮਾਸਿਕ ਘਰੇਲੂ ਖਰਚਾ ਵੀ ਅਦਾ ਕਰੇ। ਜਿਸ ਨਾਲ ਇਹ ਦੁਕਾਨਦਾਰ ਚਿੰਤਾ ਮੁਕਤ ਹੋ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਸਾਰੇ ਦੁਕਾਨਦਾਰਾਂ ਨੂੰ ਇੱਕ ਸਮਾਂ ਨਿਰਧਾਰਿਤ ਕਰਕੇ ਟਾਇਮ ਅਨੁਸਾਰ ਕੁੱਝ ਕੁੱਝ ਘੰਟੇ ਦੁਕਾਨਾਂ ਖੋਲਣ ਲਈ ਸਮਾਂ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਇੱਕ ਮੰਗ ਪੱਤਰ ਡੀਸੀ ਮਾਨਸਾ ਮਹਿੰਦਰਪਾਲ ਗੁਪਤਾ ਨੂੰ ਸੌਂਪਿਆ। ਇਸ ਮੌਕੇ ਰਾਜੇਸ਼ ਪਿੰਕਾ, ਕਮਲ ਗੋਇਲ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।