ਹੁਸ਼ਿਆਰਪੁਰ: ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ 24 ਘੰਟੇ ਮੁਸਤੈਦੀ ਨਾਲ ਕੰਮ ਕਰ ਰਿਹੈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ : ਨਵਜੋਤ ਮਾਹਲ
- ਐਸ.ਐਸ.ਪੀ. ਨੇ ਕੋਵਿਡ ਦੇ ਇਸ ਮੁਸ਼ਕਲ ਦੌਰ ’ਚ ਬੇਹਤਰੀਨ ਸੇਵਾਵਾਂ ਦੇਣ ਵਾਲੇ 7 ਪੁਲਿਸ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
- ਕਿਹਾ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਵਾਸੀਆਂ ਦਾ ਸਹਿਯੋਗ ਜ਼ਰੂਰੀ
- ਸਕੂਲਾਂ ਦੇ ਅਧਿਆਪਕਾਂ ਨੂੰ ਪੱਤਰ ਲਿਖ ਕੇ ਕੋਵਿਡ ਗਾਈਡਲਾਈਨ ਦੀ ਪਾਲਣਾ ਕਰਨ ਸਬੰਧੀ ਆਨਲਾਈਨ ਸੈਸ਼ਨ ਲਗਾਉਣ ਲਈ ਕਿਹਾ
ਹੁਸ਼ਿਆਰਪੁਰ, 7 ਮਈ: ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਬਚਾਉਣ ਲਈ ਜ਼ਿਲ੍ਹਾ ਪੁਲਿਸ 24 ਘੰਟੇ ਮੁਸਤੈਦੀ ਨਾਲ ਡਿਊਟੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਅਧਿਕਾਰੀ ਤੇ ਕਰਮਚਾਰੀ ਬਿਨਾਂ ਥੱਕੇ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਇਸ ਲਈ ਜ਼ਿਲ੍ਹਾ ਵਾਸੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੁਲਿਸ ਨੂੰ ਸਹਿਯੋਗ ਕਰਨ। ਇਸ ਦੌਰਾਨ ਉਨ੍ਹਾਂ ਕੋਵਿਡ ਦੇ ਮੁਸ਼ਕਲ ਦੌਰ ਵਿੱਚ ਬੇਹਤਰੀਨ ਸੇਵਾਵਾਂ ਦੇਣ ਵਾਲੇ 7 ਏ.ਐਸ.ਆਈਜ਼ ਤੇ ਕਾਂਸਟੇਬਲਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।
ਐਸ.ਐਸ.ਪੀ. ਨੇ ਸਨਮਾਨਿਤ ਹੋਣ ਵਾਲੇ ਮੁਲਾਜ਼ਮਾਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਸੰਕਟ ਦੀ ਕੜੀ ਵਿੱਚ ਸਾਡੀ ਜ਼ਿੰਮੇਵਾਰੀ ਪਹਿਲਾਂ ਤੋਂ ਵੱਧ ਜਾਂਦੀ ਹੈ, ਕਿਉਂਕਿ ਲੋਕ ਸਾਡੇ ’ਤੇ ਵਿਸ਼ਵਾਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਟੀਮ ਦੇ ਹਰ ਵਿਅਕਤੀ ਦੀ ਪ੍ਰਸ਼ੰਸਾ ਕਰਨਾ ਚਾਹੁੰਦੇ ਹਨ ਕਿਉਂਕਿ ਸਾਰੇ ਅਣਥੱਕ ਡਿਊਟੀ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਦਾਰੀਆਂ ਨੂੰ ਵੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਖਤੀ ਕਰਦੀ ਹੈ, ਇਸ ਲਈ ਪ੍ਰਸ਼ਾਸਨ ਵਲੋਂ ਜਾਰੀ ਗਾਈਡਲਾਈਨ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਵੇ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਕ ਆਨਲਾਈਨ ਸੈਸ਼ਨ ਕਰਕੇ ਵਿਦਿਆਰਥੀਆਂ ਨੂੰ ਕੋਵਿਡ-19 ਪ੍ਰਤੀ ਜਾਗਰੂਕ ਕਰਨ ਅਤੇ ਪ੍ਰਸ਼ਾਸਨ ਵਲੋਂ ਲਗਾਏ ਗਏ ਕਰਫਿਊ ਦੇ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਗਰੂਕ ਕਰਨ।