ਕੈਪਟਨ ਵੱਲੋਂ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿੱਚ 18-45 ਉਮਰ ਵਰਗ ਦੇ ਟੀਕਾਕਰਨ ਲਈ ਕਦਮ ਚੁੱਕਣ ਦੇ ਆਦੇਸ਼
ਚੰਡੀਗੜ੍ਹ, 7 ਮਈ 2021 - ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਵੱਲੋਂ ਸੂਬੇ ਨੂੰ ਇਸ ਹਫਤੇ ਦੇ ਅਖੀਰ ਤੱਕ ਇਕ ਲੱਖ ਖੁਰਾਕਾਂ ਮਿਲਣ ਦੀ ਸੰਭਾਵਨਾ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਬੰਧਤ ਅਧਿਕਾਰੀਆਂ ਨੂੰ ਆਖਿਆ ਹੈ ਕਿ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿੱਚ 18-45 ਸਾਲ ਉਮਰ ਵਰਗ ਦੇ ਤਰਜੀਹੀ ਗਰੁੱਪਾਂ ਦੇ ਟੀਕਾਕਰਨ ਦੀ ਸ਼ੁਰੂਆਤ ਦੀਆਂ ਤਿਆਰੀਆਂ ਕੀਤੀਆਂ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਖੁਰਾਕਾਂ ਦੇ ਮਿਲਦੇ ਸਾਰ ਹੀ ਸੂਬਾ ਸਰਕਾਰ ਵੱਲੋਂ ਫੇਜ਼ ਤਿੰਨ ਲਈ ਸ਼ਨਾਖਤ ਕੀਤੇ ਤਰਜੀਹੀ ਗਰੁੱਪਾਂ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ। ਸੂਬਾ ਸਰਕਾਰ ਨੇ 18-45 ਸਾਲ ਉਮਰ ਵਰਗ ਵਿੱਚ ਉਸਾਰੀ ਵਰਕਰਜ਼, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜ਼ੋਖਮ ਵਾਲੇ ਵਿਅਕਤੀਗਤ ਲੋਕ ਜਿਨ੍ਹਾਂ ਨੂੰ ਸਹਿ ਬਿਮਾਰੀਆਂ ਹਨ, ਨੂੰ ਟੀਕਾਕਰਨ ਲਈ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਹੈ।
ਮੁੱਖ ਮੰਤਰੀ ਜੋ ਕੋਵਿਡ ਸਮੀਖਿਆ ਸਬੰਧੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਮੈਡੀਕਲ ਦਿੱਕਤਾਂ ਵਾਲਿਆਂ ਨੂੰ ਛੱਡ ਕੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਟੀਕਾਕਰਨ ਲਈ ਨਿਰਦੇਸ਼ ਦਿੱਤੇ।
ਕਿਰਤ ਵਿਭਾਗ ਬੀ.ਓ.ਸੀ.ਡਬਲਿਊ.ਡਬਲਿਊ.ਬੀ. ਦੀ ਫੰਡਿਗ ਨਾਲ ਸਾਰੇ ਉਸਾਰੀ ਵਰਕਰਜ਼ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਲਈ ਤਾਲਮੇਲ ਕਰੇਗਾ। ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਟੀਕਾਕਰਨ ਲਈ ਤਾਲਮੇਲ ਕਰਨ ਲਈ ਆਖਿਆ ਹੈ। ਸਹਿ ਬਿਮਾਰੀਆਂ ਵਾਲਿਆਂ ਲਈ ਵੀ ਟੀਕਾਕਰਨ ਦੀ ਯੋਜਨਾ ਡਿਪਟੀ ਕਮਿਸ਼ਨਰਾਂ ਵੱਲੋਂ ਕੀਤੀ ਜਾਵੇਗੀ ਅਤੇ ਸਿਰਫ ਅਗਾਊਂ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਦੀ ਨਿਰਧਾਰਤ ਜਗ੍ਹਾਂ ਦੀ ਆਗਿਆ ਦਿੱਤੀ ਗਈ ਹੈ।
ਸੂਬਾ ਸਰਕਾਰ ਨੇ ਤੀਜੇ ਪੜਾਅ ਦੇ ਟੀਕਾਕਰਨ ਲਈ ਐਸ.ਆਈ.ਆਈ. ਕੋਲੋਂ 30 ਲੱਖ ਖੁਰਾਕਾਂ ਲੈਣ ਦਾ ਆਰਡਰ ਕੀਤਾ ਹੈ ਅਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਆਰਡਰ ਤਹਿਤ ਪੰਜਾਬ ਨੂੰ 3.30 ਲੱਖ ਖੁਰਾਕਾਂ ਅਲਾਟ ਕੀਤੀਆਂ ਹਨ।
ਇਸੇ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸੂਬੇ ਦੇ ਵਿਸ਼ਵ ਬੈਂਕ ਕਰਜ਼ੇ ਵਿੱਚੋਂ ਕੁੱਝ ਹਿੱਸੇ ਦੀ ਟੈਂਕਰਾਂ ਦੇ ਨਾਲ 10000 ਆਕਸੀਜਨ ਕਨਸਨਟ੍ਰੇਟਰਜ਼, ਆਕਸੀਜਨ ਪਲਾਂਟ ਤੇ ਵੈਕਸੀਨ ਖਰੀਦਣ ਲਈ ਵਰਤੋਂ ਕਰਨ ਉਤੇ ਕੰਮ ਕੀਤਾ ਜਾਵੇ।
ਮੁੱਖ ਮੰਤਰੀ ਨੇ ਵੱਖ-ਵੱਖ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਕੋਵਿਡ ਮਹਾਂਮਾਰੀ ਦੀ ਆਈ ਖਤਰਨਾਕ ਲਹਿਰ ਦਾ ਮੁਕਾਬਲਾ ਕਰਨ ਲਈ ਸੂਬੇ ਦਾ ਸਹਿਯੋਗ ਦੇਣ ਵਾਸਤੇ ਮੱਦਦ ਕਰ ਰਹੇ ਹਨ। ਉਨ੍ਹਾਂ ਮੀਟਿੰਗ ਵਿੱਚ ਦੱਸਿਆ ਕਿ ਟਾਟਾ ਗਰੁੱਪ ਵੱਲੋਂ ਭੇਜੇ 500 ਆਕਸੀਜਨ ਕਨਸਨਟ੍ਰੇਟਰਜ਼ ਤੋਂ ਇਲਾਵਾ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਵੀ ਹੋਰ 200 ਕਨਸਨਟ੍ਰੇਟਰ ਭੇਜੇ ਗਏ ਹਨ।