ਆਮ ਆਦਮੀ ਪਾਰਟੀ ਨੇ ਸਰਕਾਰ ਕੋਲ ਰੋਇਆ ਕਰੋਨਾ ਦੇ ਭੰਨੇ ਲੋਕਾਂ ਦਾ ਦੁੱਖ
ਅਸ਼ੋਕ ਵਰਮਾ
ਬਠਿੰਡਾ,7ਮਈ2021: ਆਮ ਆਦਮੀ ਪਾਰਟੀ ਦੇ ਟਰੇਡ ਅਤੇ ਇੰਡਸਟਰੀ ਵਿੰਗ ਪੰਜਾਬ ਦੇ ਵਾਈਸ ਪ੍ਰੈਜੀਡੈਂਟ ਅਨਿਲ ਠਾਕੁਰ ਦੀ ਅਗਵਾਈ ਵਿੱਚ ਅੱਜ ਪਾਰਟੀ ਦੇ ਵਫਦ ਨੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਜਿਸ ’ਚ ਵੱਖ ਵੱਖ ਰਾਹਤਾਂ ਦੀ ਮੰਗ ਕੀਤੀ ਗਈ ਹੈ। ਅਨਿਲ ਠਾਕੁਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਤੋਂ ਬਣੇ ਤਾਲਾਬੰਦੀ ਦੇ ਮਹੌਲ ਕਾਰਨ ਵਪਾਰੀਆਂ, ਛੋਟੇ ਦੁਕਾਨਦਾਰਾਂ ਸਮੇਤ ਸਾਰੇ ਵਰਗਾਂ ਨੂੰ ਭਾਰੀ ਹਰਜਾਨਾ ਭੁਗਤਨਾ ਪਿਆ ਹੈ। ਸਰਕਾਰ ਵੱਲੋਂ ਮਹਿੰਗਾਈ ਅਤੇ ਮੰਦੀ ਦੇ ਇਸ ਦੌਰ ਵਿੱਚ ਵਪਾਰੀ ਵਰਗ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਇਸ ਕਾਰਨ ਮਜਦੂਰੀ, ਕਰਜਿਆਂ, ਵਿਆਜ ਅਤੇ ਟੈਕਸ ਨਾਲ ਜੁੜੇ ਹੋਰ ਖਰਚਿਆਂ ਕਾਰਨ ਵਪਾਰੀ ਡੂੰਘੇ ਵਿੱਤੀ ਸੰਕਟ ਵਿੱਚ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਵਪਾਰੀ ਅਜੇ ਉਭਰ ਹੀ ਰਹੇ ਸਨ ਕਿ ਉਨ੍ਹਾਂ ਨੂੰ ਪਾਬੰਦੀਆਂ ਰਾਹੀਂ ਦੁਬਾਰਾ ਵਿੱਤੀ ਦਬਾਅ ਹੇਠਾਂ ਲਿਆ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਵਾਰ ਫਿਰ ਅਰਧ ਲਾਕਡਾਓੂਨ ਦਾ ਐਲਾਨ ਕਰਦਿਆਂ ਹਰ ਤਰਾਂ ਦੇ ਛੋਟੇ ,ਦਰਮਿਆਨੇ ਵਪਾਰੀਆਂ ਦੇ ਰੋਜਗਾਰ ਬੰਦ ਕਰ ਦਿੱਤੇ ਹਨ ਜਦੋਂਕਿ ਹੈਰਾਨੀ ਦੀ ਗੱਲ ਹੈ ਕਿ ਬੈਂਕ ਅਤੇ ਸ਼ਰਾਬ ਦੀਆਂ ਦੁਕਾਨਾਂ ਖੱੁਲ੍ਹੀਆਂ ਹਨ। ਉਹਨਾਂ ਨੇ ਕਿਹਾ ਕਿ ਭਾਵੇਂ ਹੁਣ ਕਾਰੋਬਾਰਾਂ ਨੂੰ ਪੜਾਅਵਾਰ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ ਪਰ ਇਸ ਨਾਲ ਵੀ ਕਾਰੋਬਾਰਾਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਨਹੀਂ ਹੋਵੇਗੀ ਇਸ ਲਈ ਸਰਕਾਰ ਨੂੰ ਪੂਰੀ ਯੋਜਟਾਬੰਦੀ ਨਾਲ ਢੁੱਕਵੇਂ ਕਦਮ ਚੁੱਕਣੇ ਪੈਣਗੇ।
ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਦੇਸ਼ ਅਤੇ ਸੂਬਾ ਮੁਸ਼ਕਲ ਵਿੱਚੋਂ ਗੁਜਰ ਰਿਹਾ ਹੈ ਪ੍ਰੰਤੂ ਕਾਰੋਬਾਰੀਆਂ, ਛੋਟੇ ਦੁਕਾਨਦਾਰਾ ਅਤੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਰੋਬਾਰਾਂ ਲਈ ਬਿਜਲੀ ਦੇ ਬਿੱਲ, ਟੈਕਸਾਂ ਤੇ ਕਰਜੇ ਦੇ ਵਿਆਜ ਮੁਆਫ ਅਤੇ ਜੋ ਦੁਕਾਨਾਂ ਅਤੇ ਕਾਰੋਬਾਰਾਂ ’ਚ ਕੰਮ ਕਰਦੇ ਮਜਦੂਰਾਂ ਲਈ ਰਾਸ਼ਨ ਤੇ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਜੋ ਆਮ ਆਦਮੀ ਪਾਰਟੀ ਦੀ ਮੰਗ ਵੀ ਹੈ।ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਨਵਦੀਪ ਸਿੰਘ ਜੀਦਾ , ਬਲਦੇਵ ਸਿੰਘ , ਸੁਖਵੀਰ ਬਰਾੜ, ਅਮਿ੍ਰਤ ਲਾਲ ਅਗਰਵਾਲ, ਐਡਵੋਕੇਟ ਗੁਰਲਾਲ ਸਿੰਘ,ਆਦਿ ਹਾਜਰ ਸਨ।