ਜਲੰਧਰ: ਸਬਜ਼ੀ ਮੰਡੀ ਵਿੱਚ ਭੀੜ ਹੋਣ ਤੋਂ ਰੋਕਣ ਲਈ ਰੇਹੜੀ ਵਾਲਿਆਂ ਨੂੰ ਜਾਰੀ ਕੀਤੇ ਜਾਣਗੇ ਪਾਸ
- ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਡਰਾਅ ਰਾਹੀਂ ਆੜ੍ਹਤੀਆਂ ਦੀ ਜਗ੍ਹਾ ਓਪਨ ਪਲੇਟਫਾਰਮ 'ਤੇ ਕੀਤੀ ਤਬਦੀਲ
- ਆੜ੍ਹਤੀਆਂ ਨੂੰ ਕੋਵਿਡ-19 ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਆ
ਜਲੰਧਰ, 7 ਮਈ 2021 - ਜਲੰਧਰ ਵਿੱਚ ਕੋਵਿਡ-19 ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਹੁਕਮਾਂ 'ਤੇ ਜਿਥੇ ਮਹਾਂਮਾਰੀ ਦੀ ਰੋਕਥਾਮ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਉਥੇ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
ਕੋਵਿਡ-19 ਨੂੰ ਹੋਰ ਫੈਲਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਹੁਣ ਸਬਜ਼ੀ ਮੰਡੀ, ਜਲੰਧਰ ਵਿੱਚ ਭੀੜ ਹੋਣ ਤੋਂ ਰੋਕਣ ਦੇ ਮਕਸਦ ਨਾਲ ਰੇਹੜੀ ਵਾਲਿਆਂ ਨੂੰ ਮੰਡੀ ਵਿੱਚ ਦਾਖਲ ਹੋਣ ਵਾਸਤੇ ਵੱਖ-ਵੱਖ ਰੰਗਾਂ ਦੇ ਪਾਸ ਜਾਰੀ ਕੀਤੇ ਜਾਣਗੇ ਤਾਂ ਜੋ ਮੰਡੀ ਵਿੱਚ ਇਕੱਠ ਨਾ ਹੋ ਸਕੇ ਅਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਬੰਧੀ ਅੱਜ ਨਵ ਨਿਯੁਕਤ ਐਸ.ਡੀ.ਐਮ.-2 ਹਰਪ੍ਰੀਤ ਸਿੰਘ ਅਟਵਾਲ ਵੱਲੋਂ ਸਬਜ਼ੀ ਮੰਡੀ ਦੇ ਆੜ੍ਹਤੀਆਂ ਨਾਲ ਮੀਟਿੰਗ ਵੀ ਕੀਤੀ ਗਈ । ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਮੁਕੇਸ਼ ਕੈਲੇ ਵੀ ਮੌਜੂਦ ਸਨ।
ਮੀਟਿੰਗ ਵਿੱਚ ਰੇਹੜੀ ਵਾਲਿਆਂ ਨੂੰ ਵੱਖ-ਵੱਖ ਦਿਨਾਂ ਲਈ ਦੋ ਰੰਗਾਂ (ਲਾਲ ਤੇ ਪੀਲਾ) ਦੇ ਪਾਸ ਜਾਰੀ ਕੀਤੇ ਜਾਣ ਦਾ ਫੈਸਲਾ ਕੀਤਾ ਗਿਆ, ਜੋ ਕਿ ਉਹ ਮਾਰਕੀਟ ਕਮੇਟੀ, ਜਲੰਧਰ ਪਾਸੋਂ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਸ਼੍ਰੀ ਅਟਵਾਲ ਨੇ ਆੜ੍ਹਤੀਆਂ ਨੂੰ ਸਬਜ਼ੀ ਮੰਡੀ ਵਿੱਚ ਕੋਵਿਡ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਸਬੰਧੀ ਦਿਸ਼ਾ-ਨਿਰਦੇਸ਼ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਜਾਰੀ ਕੀਤੇ ਗਏ ਹਨ। ਇਸ ਲਈ ਸਬਜ਼ੀ ਮੰਡੀ ਵਿਚ ਸਬਜ਼ੀ ਲੈ ਕੇ ਆਉਣ ਵਾਲੇ ਕਿਸਾਨ, ਆੜ੍ਹਤੀ, ਰੇਹੜੀ ਵਾਲੇ ਅਤੇ ਹੋਰ ਮਾਸਕ ਲਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਸੈਨੇਟਾਈਜ਼ਰ ਦੀ ਵਰਤੋਂ ਨੂੰ ਯਕੀਨੀ ਬਣਾਉਣ।
ਇਸ ਤੋਂ ਇਲਾਵਾ ਮੀਟਿੰਗ ਵਿੱਚ ਐਸ.ਡੀ.ਐਮ.-2 ਅਤੇ ਜ਼ਿਲ੍ਹਾ ਮੰਡੀ ਅਫ਼ਸਰ ਦੀ ਮੌਜੂਦਗੀ ਵਿੱਚ ਸਬਜ਼ੀ ਮੰਡੀ ਵਿੱਚ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆੜ੍ਹਤੀਆਂ ਦੀ ਜਗ੍ਹਾ ਮੰਡੀ ਵਿੱਚ ਹੀ ਓਪਨ ਪਲੇਟਫਾਰਮ 'ਤੇ ਤਬਦੀਲ ਕਰਨ ਲਈ ਡਰਾਅ ਵੀ ਕੱਢਿਆ ਗਿਆ, ਜਿਸ ਵਿੱਚ ਸਬਜ਼ੀ ਮੰਡੀ ਦੇ 85 ਆੜ੍ਹਤੀਆਂ ਨੇ ਹਿੱਸਾ ਲਿਆ।
ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਇਹ ਵਿਵਸਥਾ ਸੋਮਵਾਰ ਤੋਂ ਮੰਡੀ ਵਿੱਚ ਲਾਗੂ ਹੋ ਜਾਵੇਗੀ, ਜਿਸ ਨਾਲ ਮੰਡੀ ਵਿੱਚ ਹੁੰਦੇ ਇਕੱਠ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਹੋਣ ਸਦਕਾ ਭੀੜ ਹੋਣ ਤੋਂ ਰੋਕੀ ਜਾ ਸਕੇਗੀ।