ਕੋਰੋਨਾ ਨੇ ਇੱਕ ਵਾਰ ਫੇਰ ਰੋਕੀ ਰੇਲ ਦੀ ਰਫ਼ਤਾਰ, ਅਗਲੇ ਹੁਕਮਾਂ ਤੱਕ ਫਿਰੋਜ਼ਪੁਰ ਰੇਲ ਮੰਡਲ ਦੀਆਂ 12 ਰੇਲਾਂ ਰੱਦ
ਗੌਰਵ ਮਾਣਿਕ
ਫਿਰੋਜ਼ਪੁਰ 8 ਮਈ 2021 - ਕੋਰੋਨਾ ਮਹਾਮਾਰੀ ਦੇ ਚਲਦਿਆਂ ਇਕ ਵਾਰੀ ਫਿਰ ਕੁਝ ਰੇਲਾਂ ਰੇਲ ਮੰਤਰਾਲੇ ਵੱਲੋਂ ਰੱਦ ਕੀਤੀਆਂ ਗਈਆਂ ਨੇ, ਇਹ ਫ਼ੈਸਲਾ ਰੇਲ ਮੰਤਰਾਲੇ ਵੱਲੋਂ ਕਰੋਮਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਲਿਆ ਗਿਆ ਹੈ। ਫਿਰੋਜ਼ਪੁਰ ਰੇਲ ਮੰਡਲ ਦੇ ਡੀਆਰਐਮ ਰਾਜੇਸ਼ ਅਗਰਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਫਿਰੋਜ਼ਪੁਰ ਮੰਡਲ ਨੇ ਰੇਲ ਮੰਤਰਾਲੇ ਦੇ ਅਗਲੇ ਹੁਕਮਾਂ ਤੱਕ 12 ਟ੍ਰੇਨਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ।
ਇਹ ਫੈਸਲਾ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਰੇਲ ਮੰਤਰਾਲੇ ਵੱਲੋਂ ਲਿਤਾ ਗਿਆ ਹੈ। ਜਿਨ੍ਹਾਂ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਉਹਨਾਂ ਵਿੱਚ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲਣ ਵਾਲੀਆਂ ਸ਼ਤਾਬਦੀ ਐਕਸਪ੍ਰੈਸ ਗੱਡੀਆਂ ਦੀਆਂ ਦੋ ਜੋੜੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜੰਮੂਤਵੀ ਤੋਂ ਦਿੱਲੀ ਸਰਾਏ ਰੋਹਿਲਾ, ਯੋਗ ਨਗਰੀ ਰਿਸ਼ੀਕੇਸ਼ ਅਤੇ ਹਜ਼ੂਰ ਸਾਹਿਬ ਨਾਂਦੇੜ ਲਈ ਚੱਲਣ ਵਾਲੀਆਂ ਤਿੰਨ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮਾਤਾ ਵੈਸ਼ਨੋ ਦੇਵੀ ਕਟੜਾ ਤੋਂ 6 ਜੋੜੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਤਿੰਨ ਨਵੀਂ ਦਿੱਲੀ ਅਤੇ ਹੋਰ ਤਿੰਨ ਰਿਸ਼ੀਕੇਸ਼, ਅਹਿਮਦਾਬਾਦ ਅਤੇ ਡਾ. ਅੰਬੇਦਕਰ ਨਗਰ ਜਾਂਦੀਆਂ ਸਨ। ਫਿਰੋਜ਼ਪੁਰ ਕੈਂਟ ਤੋਂ ਮੁਹਾਲੀ ਜਾਣ ਵਾਲੀ ਰੇਲਗੱਡੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੇ ਬਾਹਰੋਂ ਆਉਣ ਵਾਲੇ ਲੋਕਾਂ ਦਾ ਕੋਰੋਨਾ ਟੈਸਟ ਕਰਕੇ ਹੀ ਉਨ੍ਹਾਂ ਨੂੰ ਸੂਬੇ ਅੰਦਰ ਆਉਣ ਦਿੱਤਾ ਜਾਵੇਗਾ। ਇਸੇ ਕੜੀ ਤਹਿਤ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਕੋਰੋਨਾ ਟੈਸਟਿੰਗ ਬੂਥ ਬਣਾ ਕੇ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦਾ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਲੈ ਕੇ ਜੋ ਵੀ ਆਦੇਸ਼ ਹੋਣਗੇ।
ਉਨ੍ਹਾਂ ਦੀ ਇੰਨ ਬਿੰਨ ਪਾਲਣਾ ਰੇਲ ਵਿਭਾਗ ਵੱਲੋਂ ਕੀਤੀ ਜਾਏਗੀ, ਉਨ੍ਹਾਂ ਨੇ ਕਿਹਾ ਕਿ ਰੇਲਵੇ ਕਰਮਚਾਰੀਆਂ ਦਾ ਵੀ ਪੂਰਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਕਿ ਉਹ ਵੀ ਇਸ ਭਿਆਨਕ ਮਹਾਂਮਾਰੀ ਤੋਂ ਬਚਕੇ ਰਹਿ ਸਕਣ। ਉਨ੍ਹਾਂ ਨੇ ਕਿਹਾ ਕਿ ਯਾਤਰਾ ਕਰਨ ਵਾਲੇ ਲੋਕ ਆਪਣਾ ਕੋਰੋਨਾ ਟੈਸਟ ਕਰਵਾ ਕੇ ਆਨ ਅਤੇ ਯਾਤਰਾ ਦੇ ਦੌਰਾਨ ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਸ ਦਾ ਪਾਲਣ ਵੀ ਕਰਨ। ਉਨ੍ਹਾਂ ਨੇ ਦੱਸਿਆ ਕਿ ਜੋ ਟਰੇਨਾਂ ਰੱਦ ਕੀਤੀਆਂ ਗਈਆਂ ਹਨ। ਉਹ ਅਗਲੇ ਆਦੇਸ਼ਾਂ ਤੱਕ ਰੱਦ ਹੀ ਰਹਿਣਗੀਆਂ ਅਤੇ ਜਦੋਂ ਰੇਲ ਮੰਤਰਾਲੇ ਵੱਲੋਂ ਨਵੇਂ ਆਦੇਸ਼ ਆਉਣਗੇ, ਉਸ ਮੁਤਾਬਕ ਹੀ ਉਨ੍ਹਾਂ ਨੂੰ ਚਲਾਇਆ ਜਾਏਗਾ।