ਕੋਰੋਨਾ ਤੋਂ ਘਬਰਾਏ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਜਾਰੀ, ਮੰਡੀਆਂ ’ਚ ਲਿਫ਼ਟਿੰਗ ਦਾ ਕੰਮ ਹੋ ਰਿਹਾ ਪ੍ਰਭਾਵਿਤ
ਕਮਲਜੀਤ ਸਿੰਘ ਸੰਧੂ
ਬਰਨਾਲਾ, 8 ਮਈ 2021 - ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਨਵੀਆਂ ਹਦਾਇਤਾਂ ਜਾਰੀ ਕਰਕੇ ਲਾਕਡਾਊਨ ਲਗਾਇਆ ਗਿਆ ਹੈ। ਉਥੇ ਸਰਕਾਰ ਦੀ ਇਸ ਸਖ਼ਤੀ ਕਰਕੇ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਰਕੇ ਦਾਣਾ ਮੰਡੀਆਂ ਵਿੱਚ ਕਣਕ ਦੇ ਸੀਜ਼ਨ ਦਾ ਕੰਮ ਕਾਰ ਵਿਚਕਾਰ ਛੱਡ ਕੇ ਹੀ ਪ੍ਰਵਾਸੀ ਮਜ਼ਦੂਰ ਵਾਪਸ ਜਾ ਰਹੇ ਹਨ। ਜਿਸ ਕਾਰਨ ਦਾਣਾ ਮੰਡੀਆਂ ਵਿੱਚ ਖ਼ਰੀਦੀ ਦੀ ਫ਼ਸਲ ਦੀ ਲਿਫ਼ਟਿੰਗ ਦਾ ਕੰਮ ਪ੍ਰਭਾਵਿਤ ਹੋਣ ਲੱਗਿਆ ਹੈ ਅਤੇ ਲਿਫ਼ਟਿੰਗ ਦੀ ਵੱਡੀ ਸਮੱਸਿਆ ਪੈਦਾ ਹੋਣ ਲੱਗੀ ਹੈ। ਜਿਸਨੂੰ ਲੈ ਕੇ ਆੜਤੀਏ ਵੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।
ਦਾਣਾ ਮੰਡੀਆਂ ਵਿੱਚ ਬਚੇ ਪ੍ਰਵਾਸੀ ਮਜ਼ਦੂਰ ਵੀ ਆਪਣੇ ਘਰਾਂ ਨੂੰ ਜਾਣ ਦੀ ਤਿਆਰੀ ਕਰ ਰਹੇ ਹਨ। ਆੜਤੀਏ ਵੀ ਘੱਟ ਗਿਣਤੀ ’ਚ ਰਹਿ ਚੁੱਕੇ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਬਦਲੇ ਚਾਰ ਤੋਂ ਪੰਜ ਗੁਣਾ ਵੱਧ ਮਜ਼ਦੂਰੀ ਦੇਣ ਲਈ ਮਜਬੂਰ ਹੋ ਰਹੇ ਹਨ। ਆੜਤੀਆਂ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਲਿਫ਼ਟਿੰਗ ਦਾ ਕੰਮ ਪੂਰਾ ਕਰਵਾਇਆ ਜਾਵੇ ਤਾਂ ਕਿ ਕੋਰੋਨਾ ਦੇ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਉਹਨਾਂ ਨੂੰ ਵੀ ਮੰਡੀਆਂ ਵਿੱਚੋਂ ਜਲਦੀ ਰਾਹਤ ਮਿਲ ਸਕੇ।
ਉਥੇ ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਕੋਰੋਨਾ ਦੇ ਵਿਗੜਦੇ ਹਾਲਾਤਾਂ ਕਾਰਨ ਉਹਨਾਂ ਦੀ ਪ੍ਰੇਸ਼ਾਨੀ ਵਧ ਰਹੀ ਹੈ। ਜਿਸ ਕਰਕੇ ਮੰਡੀਆਂ ਦਾ ਕੰਮ ਨੇਪਰੇ ਚਾੜ ਕੇ ਉਹ ਜਲਦ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਹਨ। ਕਿਉਂਕਿ ਜੇਕਰ ਉਹ ਫ਼ਸ ਗਏ ਤਾਂ ਉਹਨਾਂ ਦੀਆਂ ਪਿਛਲੇ ਸਾਲ ਵਾਂਗ ਸਮੱਸਿਆਵਾਂ ਹੋਰ ਵਧ ਜਾਣਗੀਆ।