ਨਵਾਂਸ਼ਹਿਰ ਵਿਚ ਲਾਕਡਾਉਨ ਅਤੇ ਕਰਫਿਊ ਵਿਰੁੱਧ ਮੁਜ਼ਾਹਰਾ
- ਲੋੜੀਂਦੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧ ਪੂਰਤੀ ਦੀ ਕੀਤੀ ਗਈ ਮੰਗ
ਨਵਾਂਸ਼ਹਿਰ 8ਮਈ 2021 - ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਨਵਾਂਸ਼ਹਿਰ ਵਿਖੇ ਲੌਕਡਾਉਨ ਅਤੇ ਕਰਫਿਊ ਦੇ ਵਿਰੋਧ ਵਿਚ ਮੁਜਾਹਰਾ ਕੀਤਾ ਗਿਆ।ਮੁਜਾਹਰਾਕਾਰੀਆਂ ਨੇ ਸਿਹਤ ਸੇਵਾਵਾਂ ਦਾ ਪੁਖਤਾ ਪ੍ਰਬੰਧ ਕਰਨ, ਡਾਕਟਰਾਂ, ਨਰਸਾਂ ਦੀ ਲੋੜੀਂਦੀ ਭਰਤੀ ਕਰਨ,ਦਵਾਈਆਂ, ਵੈਂਟੀਲੇਟਰ ਅਤੇ ਆਕਸੀਜਨ ਦੀ ਕਮੀ ਦੂਰ ਕਰਨ, ਕਰੋਨਾ ਦੇ ਨਾਂਅ ਹੇਠ ਕੀਤੇ ਜਾ ਰਹੇ ਜੁਰਮਾਨੇ ਬੰਦ ਕਰਨ, ਚਲਾਣ ਕੱਟਣੇ ਬੰਦ ਕਰਨ ਦੀ ਮੰਗ ਵੀ ਜੋਰਦਾਰ ਢੰਗ ਨਾਲ ਉਠਾਈ।
ਇਸ ਮੌਕੇ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਜਸਬੀਰ ਦੀਪ ,ਸੁਤੰਤਰ ਕੁਮਾਰ, ਕੁਲਦੀਪ ਸਿੰਘ ਸੁੱਜੋਂ ,ਚਰਨਜੀਤ ਸਿੰਘ ਦੌਲਤਪੁਰ, ਮੁਕੰਦ ਲਾਲ, ਤਰਸੇਮ ਸਿੰਘ ਬੈਂਸ, ਗੁਰਬਖਸ਼ ਕੌਰ ਸੰਘਾ, ਬਿੱਲਾ ਗੁੱਜਰ, ਪਰਮਜੀਤ ਸਿੰਘ ਸ਼ਹਾਬਪੁਰ, ਮੱਖਣ ਸਿੰਘ ਭਾਨਮਜਾਰਾ, ਪ੍ਰਵੀਨ ਕੁਮਾਰ ਨਿਰਾਲਾ, ਨੇ ਸੰਬੋਧਨ ਕੀਤਾ।ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਬਿਮਾਰੀ ਨਾਲ ਘੱਟ ਪਰ ਨਾਗਰਿਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ।ਮੌਜੂਦਾ ਸਮੇਂ ਵਿਚ ਇਹਨਾਂ ਸਰਕਾਰਾਂ ਦੇ ਸਿਹਤ ਪ੍ਰਬੰਧਾ ਦੀ ਪੋਲ ਖੁੱਲ੍ਹ ਗਈ ਹੈ ਜੋ ਇਕ ਸਾਲ ਵਿਚ ਲੋਕਾਂ ਲਈ ਨਾ ਹੀ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕਰ ਸਕੀਆਂ ਹਨ ਨਾ ਹੀ ਵੈਂਟੀਲੇਟਰ, ਬਿਸਤਰਿਆਂ ਅਤੇ ਦਵਾਈਆਂ ਦਾ।
ਇਸ ਲਈ ਇਹਨਾਂ ਸਰਕਾਰਾਂ ਨੂੰ ਹਜਾਰਾਂ ਲੋਕਾਂ ਦੀ ਮੌਤ ਦੇ ਦੋਸ਼ਾਂ ਤੋਂ ਬਰੀ ਨਹੀਂ ਕੀਤਾ ਜਾ ਸਕਦਾ।ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਲੌਕਡਾਊਨ ਅਤੇ ਕਰਫਿਊ ਲਾਕੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਘੋਲ ਨੂੰ ਢਾਹ ਲਾਉਣਾ ਚਾਹੁੰਦੀਆਂ ਹਨ ਪਰ ਇਹਨਾਂ ਦੇ ਇਹ ਮਾੜੇ ਮਨਸੂਬੇ ਸਫਲ ਨਹੀਂ ਹੋਣਗੇ।ਦੁਕਾਨਦਾਰਾਂ ਅਤੇ ਦੂਸਰੇ ਕਾਰੋਬਾਰੀਆਂ ਦੇ ਧੰਦੇ ਚੌਪਟ ਹੋਣ ਕਿਨਾਰੇ ਹਨ।ਲੰਮਾ ਲੌਕਡਾਉਨ ਲੱਗਣ ਦੇ ਡਰੋਂ ਪ੍ਰਵਾਸੀ ਮਜਦੂਰ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਹਨ।ਸਰਕਾਰ ਸੰਕਟ ਦੀ ਘੜੀ ਦੀ ਦੁਹਾਈ ਦੇਕੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਹੁਕਮ ਚਾਹੜ੍ਹ ਰਹੀ ਹੈ ਪਰ ਲੋੜਵੰਦਾਂ ਦੀ ਧੇਲੇ ਦੀ ਵੀ ਮੱਦਦ ਨਹੀਂ ਕਰ ਰਹੀ।ਆਕਸੀਜਨ ਦੀ ਕਮੀ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ।
ਕਰੋਨਾ ਦਾ ਡਰ ਨਿੱਜੀ ਹਸਪਤਾਲਾਂ ਲਈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਸਾਬਤ ਹੋ ਰਿਹਾ ਹੈ।ਨਿੱਤ ਵਰਤੋਂ ਦੀਆਂ ਚੀਜਾਂ ਅਤੇ ਦਵਾਈਆਂ ਦੀ ਕੀਮਤਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ।ਬਲੈਕ ਮਾਰਕੀਟੀਏ ਖੂਬ ਹੱਥ ਰੰਗ ਰਹੇ ਹਨ ਪਰ ਰੇਹੜੀਆਂ ਫੜੀਆਂ ਵਾਲੇ ਸਰਕਾਰੀ ਹੁਕਮਾਂ ਦਾ ਨਿਸ਼ਾਨਾ ਬਣ ਰਹੇ ਹਨ।ਇਸ ਮੌਕੇ ਸਤਨਾਮ ਸੁੱਜੋਂ, ਨਿਰਮਲ ਸਿੰਘ ਜਲਾਹ ਮਾਜਰਾ, ਜਰਨੈਲ ਸਿੰਘ ਰਾਣੇਵਾਲ,ਤਰਸੇਮ ਮਹਾਲੋਂ,ਜਸਵਿੰਦਰ ਸਿੰਘ ਭੰਗਲ, ਪ੍ਰੀਤਮ ਸਿੰਘ ਰਮਲਾ,ਸਿਮਰਨਜੀਤ ਕੌਰ ਸਿੰਮੀ, ਮਨਜੀਤ ਕੌਰ ਅਲਾਚੌਰ ,ਕਿਰਨਜੀਤ ਕੌਰ,ਪੁਨੀਤ ਕਲੇਰ ਨੇ ਵੀ ਵਿਚਾਰ ਪ੍ਰਗਟ ਕੀਤੇ।ਅੰਤ ਵਿਚ ਸਥਾਨਕ ਚੰਡੀਗੜ੍ਹ ਚੌਂਕ ਵਿਚ ਰੋਸ ਧਰਨਾ ਵੀ ਲਾਇਆ ਗਿਆ।