ਰੋਸ ਮੁਜ਼ਾਹਰੇ ਦੌਰਾਨ ਪਾਬੰਦੀਆਂ ਖ਼ਿਲਾਫ਼ ਅਵਾਜ਼ ਉਠਾਉਣ ਦਾ ਸੱਦਾ
ਅਸ਼ੋਕ ਵਰਮਾ
ਮਾਨਸਾ,8ਮਈ2021: ਕਰੋਨਾ ਬਿਮਾਰੀ ਦੀ ਆੜ ਵਿੱਚ ਪੰਜਾਬ ਸਰਕਾਰ ਵੱਲੋਂ ਲਾਇਆ ਬੇਲੋੜੀਆਂ ਪਾਬੰਦੀਆਂ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ ਸ਼ਹਿਰ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕਰਕੇ ਬੱਸ ਅੱਡਾ ਚੌਕ ’ਚ ਧਰਨਾ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਇੰਨ੍ਹਾਂ ਤੁਗਲਕੀ ਫਰਮਾਨਾਂ ਦੇ ਵਿਰੋਧ ’ਚ ਅੱਗੇ ਆਉਣ ਦੀ ਅਪੀਲ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਆਪਣੀ ਜਿੰਮੇਵਾਰ ਤੋਂ ਭੱਜਕੇ ਲੋਕਾਂ ਤੇ ਪਾਬੰਦੀਆਂ ਦੇ ਫਰਮਾਨ ਚਾੜ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਲੋਕਾਂ ਨੂੰ ਬਿਮਾਰੀ ਤੋਂ ਬਚਾਉਣਾ ਚਾਹੀਦੀ ਹੈ ਤਾਂ ਤੁਰੰਤ ਡਾਕਟਰਾਂ ਅਤੇ ਨਰਸਾਂ ਦੀ ਭਰਤੀ ,ਸਰਕਾਰੀ ਹਸਪਤਾਲ ਵਿੱਚ ਸਹੂਲਤਾਂ ਦਾ ਪ੍ਰਬੰਧ ਅਤੇ ਲੋੜ ਪੈਣ ਤੇ ਪ੍ਰਾਈਵੇਟ ਹਸਪਤਾਲ ਨੂੰ ਸਰਕਾਰ ਆਪਣੇ ਹੱਥਾਂ ’ਚ ਲਵੇ ਪਰ ਸਰਕਾਰ ਅਜਿਹਾ ਕਰਨ ਦੀ ਥਾਂ ਸਿਰਫ ਲੋਕਾਂ ਨੂੰ ਡੰਡੇ ਦੇ ਜੋਰ ਘਰਾਂ ਵਿੱਚ ਬੰਦ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਦੁਕਾਨਦਾਰ ਰੇਹੜੀ ਫੜ੍ਹੀ ਵਾਲੇ ਹਰ ਰੋਜ ਕਮਾਕੇ ਆਪਣੇ ਪਰਿਵਾਰਾਂ ਦਾ ਪੇਟ ਭਰਦੇ ਹਨ ਪਰ ਸਰਕਾਰ ਉਹਨਾ ਨੰ ਭੱੁਖੇ ਮਾਰਨਾ ਚਾਹੁੰਦੀ ਹੈ । ਉਨ੍ਹਾਂ ਦੋਸ਼ ਲਾਇਆ ਕਿ ਅਸਲ ’ਚ ਦਿੱਲੀ ’ਚ ਲੱਗੇ ਕਿਸਾਨ ਮੋਰਚਿਆਂ ਨੂੰ ਫੇਲ੍ਹ ਕਰਨ ਲਈ ਕੇਂਦਰੀ ਸਰਕਾਰ ਨਾਲ ਮਿਲ ਕੇ ਕਰੋਨਾ ਦਾ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਪੰਜਾਬ ਸਰਕਾਰ ਦੀ ਨੀਤੀ ਸਮਝ ਚੁੱਕੇ ਹਨ ਕਿਉਂਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ ਬਹੁਗਿਣਤੀ ਲੋਕਾਂ ਦਾ ਰੁਜਗਾਰ ਤਬਾਹ ਹੋ ਜਾਏਗਾ। ਉਨ੍ਹਾਂ ਆਖਿਆ ਕਿ ਹਾਲੇ ਤਾਂ ਖੇਤੀ ਕਾਨੂੰਨ ਲਾਗੂ ਨਹੀਂ ਹੋਏ ਤਾਂ ਫਸਲਾਂ ਦਾ ਇਹ ਹਾਲ ਹੈ ਤੇ ਜੇਕਰ ਲਾਗੂ ਹੋ ਗਏ ਤਾਂ ਕਾਰਪੋਰੇਟ ਘਰਾਣਿਆਂ ਵੱਲੋਂ ਲੁੱਟ ਤੈਅ ਹੈ। ਭੈਣੀਬਾਘਾ ਨੇ ਆਮ ਲੋਕਾਂ ਨੂੰ ਦਿੱਲੀ ਕਿਸਾਨ ਮੋਰਚੇ ਵਿੱਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਸਾਧੂ ਸਿੰਘ, ਮਲਕੀਤ ਸਿੰਘ, ਜੱਗਾ ਸਿੰਘ ,ਭੋਲਾ ਸਿੰਘ, ਬਲਮ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ।
--