ਰੂਪਨਗਰ ਵਿੱਚ 18-45 ਸਾਲ ਦੇ ਵਿਅਕਤੀਆਂ ਲਈ ਪੜਾਅ ਵਾਰ ਢੰਗ ਨਾਲ ਟੀਕਾਕਰਨ ਸ਼ੁਰੂ: ਡੀ ਸੀ
ਹਰੀਸ਼ ਕਾਲੜਾ
- ਸੋਮਵਾਰ ਤੋਂ ਪਹਿਲੇ ਪੜਾਅ ਤਹਿਤ ਉਸਾਰੀ ਕਾਮਿਆਂ ਦੇ ਟੀਕਾਕਰਨ ਦੀ ਸ਼ੁਰੂਆਤ
ਰੂਪਨਗਰ, ਮਈ 8 2021:ਜਿਲਾ ਪ੍ਰਸ਼ਾਸਨ ਨੇ ਸੋਮਵਾਰ ਤੋਂ ਪੜਾਅਵਾਰ ਢੰਗ ਨਾਲ ਸਰਕਾਰੀ ਹਸਪਤਾਲਾਂ ਵਿੱਚ 18-45 ਸਾਲ ਉਮਰ ਵਰਗ ਦੇ ਲੋਕਾਂ ਨੂੰ ਪਹਿਲ ਦੇ ਅਧਾਰ 'ਤੇ ਟੀਕਾ (ਕਰੋਨਾ ਵੈਕਸੀਨ) ਲਗਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਪੜਾਅ ਤਹਿਤ ਸੋਮਵਾਰ ਤੋਂ ਤਰਜੀਹੀ ਸਮੂਹ ਜਿਸ ਵਿੱਚ ਉਸਾਰੀ ਕਾਮੇ ਸ਼ਾਮਲ ਹਨ, ਦਾ ਟੀਕਾਕਰਨ ਸ਼ੁਰੂ ਹੋਵੇਗਾ।ਇਹ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਹ ਫੈਸਲਾ ਤਰਜੀਹੀ ਸਮੂਹਾਂ ਦੇ ਟੀਕਾਕਰਨ ਸਬੰਧੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਲਿਆ ਗਿਆ ਹੈ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ 18-45 ਉਮਰ ਵਰਗ ਜਿਵੇਂ ਕਿ ਉਸਾਰੀ ਕਾਮੇ, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਸਹਿ-ਬਿਮਾਰੀ ਵਾਲੇ ਲੋਕਾਂ ਦੀ ਸ਼ਨਾਖ਼ਤ ਉੱਚ ਜੋਖਮ ਵਾਲੇ ਵਿਅਕਤੀਆਂ ਵਜੋ ਕੀਤੀ ਹੈ, ਇਸ ਲਈ ਇਹਨਾਂ ਸਾਰਿਆਂ ਨੂੰੰ ਪਹਿਲ ਦੇ ਅਧਾਰ 'ਤੇ ਟੀਕਾ ਲਗਾਇਆ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਲੇ ਪੜਾਅ ਵਿੱਚ 18-45 ਸਾਲ ਦੀ ਆਮ ਆਬਾਦੀ ਜਿਸ ਵਿੱਚ ਸਹਿ- ਰੋਗਾਂ ਵਾਲੇ ਵਿਅਕਤੀ ਵੀ ਸ਼ਾਮਲ ਹਨ, ਨੂੰ ਟੀਕਾ ਲਗਾਇਆ ਜਾਵੇਗਾ। ਸ੍ਰੀਮਤੀ ਗਿਰੀ ਨੇ ਦੱਸਿਆ ਕਿ ਉਨਾਂ (ਲੋਕਾਂ) ਨੇ ਸਭ ਤੋਂ ਪਹਿਲਾਂ ਖੁਦ ਨੂੰ ਕੋਵਾ ਐਪ 'ਤੇ ਰਜਿਸਟਰ ਕਰਨਾ ਜ਼ਰੂਰੀ ਹੈ ਕਿਉਂਕਿ ਮੌਕੇ 'ਤੇ ਕਿਸੇ ਦਾ ਨਾਮ ਦਰਜ ਨਹੀਂ ਕੀਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਜ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ ਤੀਜੇ ਪੜਾਅ ਦੇ ਟੀਕਾਕਰਣ ਲਈ 30 ਲੱਖ ਟੀਕਿਆਂ ਦੀ ਖੁਰਾਕ ਦਾ ਆਰਡਰ ਪਾਇਆ ਸੀ ਅਤੇ ਭਾਰਤ ਸਰਕਾਰ ਨੇ ਇਸ ਮਹੀਨੇ ਲਈ ਪੰਜਾਬ ਨੂੰ ਇਸ ਆਰਡਰ ਤਹਿਤ 3.30 ਲੱਖ ਦੀ ਅਲਾਟਮੈਂਟ ਕੀਤੀ ਹੈ।
ਸੋਨਾਲੀ ਗਿਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਕੇਂਦਰਾਂ 'ਤੇ ਜਲਦਬਾਜ਼ੀ ਨਾ ਕਰਨ ਕਿਉਂਕਿ ਸੋਮਵਾਰ ਤੋਂ ਸਿਰਫ 18-45 ਸਾਲ ਦੇ ਉਸਾਰੀ ਕਾਮਿਆਂ ਦਾ ਹੀ ਟੀਕਾਕਰਨ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਡਰ ਜਾਂ ਘਬਰਾਹਟ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਰਾਜ ਸਰਕਾਰ ਨੇ ਕੇਂਦਰ ਸਰਕਾਰ ਤੋਂ ਹੋਰ ਖੁਰਾਕਾਂ ਮੰਗਵਾਉਣ ਲਈ ਆਰਡਰ ਦੇ ਦਿੱਤਾ ਹੈ ਅਤੇ ਜਿਵੇਂ ਹੀ ਹੋਰ ਖੁਰਾਕ ਪ੍ਰਾਪਤ ਹੋਣਗੀਆਂ ਦੂਸਰੀਆਂ ਸ੍ਰੇਣੀਆਂ ਦਾ ਟੀਕਾਕਰਨ ਵੀ ਸੁਰੂ ਕਰ ਦਿੱਤਾ ਜਾਵੇਗਾ।