ਸੁਖਬੀਰ ਸਿੰਘ ਬਾਦਲ ਵੱਲੋਂ ਕੋਰੋਨਾ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ
ਅਸ਼ੋਕ ਵਰਮਾ
ਤਲਵੰਡੀ ਸਾਬੋ ,8ਮਈ2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਦਮਦਮਾ ਸਾਹਿਬ ਵਿਖੇ ਬਣਾਇਆ 50 ਬੈਡਾਂ ਦਾ ਕੋਰੋਨਾ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ ਜਿਸ ਨੂੰ 24 ਘੰਟੇ 8 ਡਾਕਟਰ ਤੇ 24 ਨਰਸਾਂ ਚਲਾਉਣਗੀਆਂ ਅਤੇ ਇਸ ਵਿਚ ਆਕਸੀਜ਼ਨ, ਦਵਾਈਆਂ ਤੇ ਖਾਣਾ ਮੁਫਤ ਪ੍ਰਦਾਨ ਕੀਤਾ ਜਾਵੇਗਾ। ਇਸ ਮੌਕੇ ਐਸ ਜੀ ਪੀ ਸੀ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਅਤੇ ਸਿਕੰਦਰ ਸਿੰਘ ਮਲੂਕਾ ਵੀ ਉਨ੍ਹਾਂ ਨਾਲ ਸਨ। ਅਕਾਲੀ ਦਲ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਬੈਡਾਂ ਦੇ ਨਾਲ ਆਕਸੀਜ਼ਨ ਕੰਸੈਂਟ੍ਰੇਟਰ ਲੱਗੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੂਬੇ ਦੇ ਬਾਰੇ ਬਲਾਕਾਂ ਵਿਚ ਅਜਿਹੀਆਂ ਸਹੂਲਤਾਂ ਸਥਾਪਿਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਹੁਣ ਪਿੰਡਾਂ ਵਿਚ ਫੈਲ ਰਿਹਾ ਹੈ।
ਉਹਨਾਂ ਕੋਰੋਨਾ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਉਹ ਘਰ ਨਾ ਬੈਠਣ ਬਲਕਿ ਪਹਿਲੇ ਕੱੁਝ ਦਿਨ ਬਹੁਤ ਅਹਿਮ ਹੋਣ ਨੂੰ ਦੇਖਦਿਆਂ ਉਹ ਕੋਰੋਨਾ ਸੈਂਟਰ ਜਾਂ ਹਸਪਤਾਲ ਪਹੁੰਚਣ ਤਾਂ ਜੋ ਇਸ ਲੜਾਈ ਖਿਲਾਫ ਪਹਿਲੇ ਪੜਾਅ ਵਿਚ ਹੀ ਲੜਾਈ ਲੜੀ ਤੇ ਜਿੱਤੀ ਜਾ ਸਕੇ ਨਾ ਕਿ ਅਸੀਂ ਫੇਫੜਿਆਂ ਸਮੇਤ ਅਹਿਮ ਅੰਗਾਂ ਦਾ ਨੁਕਸਾਨ ਹੋਣ ਤੱਕ ਉਡੀਕ ਕਰਦੇ ਰਹੀਏ। ਸ੍ਰੀ ਬਾਦਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਇਹ ਵੀ ਅਪੀਲ ਕੀਤੀ ਕਿ ਸੂਬੇ ਵਿਚ ਵੈਕਸੀਨ ਦੀ ਸਪਲਾਈ ਦਾ ਖੱਪਾ ਪੂਰਾ ਕਰਨ ਲਈ ਉਹ ਵੈਕਸੀਨ ਦਰਾਮਦ ਕਰਨ। ਉਹਨਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਸਾਡੇ ਲੋਕਾਂ ਨੂੰ ਵੈਕਸੀਨ ਲੱਗ ਜਾਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਵੈਕਸੀਨ ਦਰਾਮਦ ਕਰਨ ਦੀ ਆਗਿਆ ਦੇ ਦਿੱਤੀ ਹੈ।
ਉਹਨਾਂ ਕਿਹਾ ਕਿ ਸਾਨੂੰ ਮਨੁੱਖਤਾ ਵਾਸਤੇ ਜੋ ਚੰਗਾ ਹੋ ਸਕੇ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਕਸੀਜ਼ਨ ਕੰਸੈਂਟ੍ਰੇਟਰ ਵੀ ਦਰਾਮਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸੂਬਾ ਅਚਨਚੇਤ ਦੂਜੀ ਕੋਰੋਨਾ ਲਹਿਰ ਦੀ ਜਕੜ ਵਿਚ ਆ ਗਿਆ ਹੈ ਹਾਲਾਂਕਿ ਇਸ ਬਾਰੇ ਬਹੁਤ ਚੇਤਾਵਨੀਆਂ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੈਡੀਕਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਬਹੁਤ ਲੋੜੀਂਦੀਆਂ ਆਈ ਸੀ ਯੂ ਸਹੂਲਤਾਂ ਸਿਰਜਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਐਮ ਪੀ ਲੈਡ ਫੰਡਾਂ ਤੋਂ ਖਰੀਦ ਵੈਂਟੀਲੇਟਰ ਵੀ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਇਹ ਸਮਾਂ ਮੁੱਦੇ ’ਤੇ ਰਾਜਨੀਤੀ ਕਰਨ ਦਾ ਨਹੀਂ ਤੇ ਸਾਨੂੰ ਸਭ ਨੁੰ ਮਿਲ ਕੇ ਮਹਾਂਮਾਰੀ ਦਾ ਟਾਕਰਾ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਸਰਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਲਈ ਦਰਾਂ ਤੈਅ ਕਰਨੀਆਂ ਚਾਹੀਦੀਆਂ ਹਨ ਜੋਕਿ ਕੋਰੋਨਾ ਮਰੀਜ਼ਾਂ ਤੋਂ ਢਾਈ ਤੋਂ ਪੰਜ ਲੱਖ ਰੁਪਏ ਵਸੂਲ ਰਹੇ ਹਨ। ਉਹਨਾਂ ਕਿਹਾ ਕਿ ਇਸ ਸਿਹਤ ਐਮਰਜੰਸੀ ਵੇਲੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਲਈ ਇਲਾਜ ਸਸਤਾ ਜਾਂ ਬਿਲਕੁਲ ਮੁਫਤ ਕਰ ਸਕਦੀ ਹੈ। ਸ੍ਰੀ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਜ਼ਮੀਨੀ ਹਕੀਕਤਾਂ ਅਨੁਸਾਰ ਫੈਸਲੇ ਲੈਣੇ ਯਕੀਨੀ ਬਣਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਸਰਕਾਰ ਨੇ ਬਠਿੰਡਾ ਵਿਖੇ ਐਡਵਾਂਸ ਕੈਂਸਰ ਡਾਇਗਨੋਸਟਿਕ ਸੈਂਟਰ ਨੂੰ ਬੰਦ ਕਰਨ ਤੇ ਇਸ ਨੂੰ ਕੋਰੋਨਾ ਕੇਅਰ ਸੈਂਟਰ ਵਿਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਜਦੋਂ ਕਿ ਇਹ ਮਾਲਵਾ ਖਿੱਤੇ ਵਿਚ ਕੈਂਸਰ ਮਰੀਜ਼ਾਂ ਨੂੰ ਉਪਲੱਬਧ ਇਕਲੌਤੀ ਸਹੂਲਤ ਹੈ।
ਉਹਨਾਂ ਕਿਹਾ ਕਿ ਬਦਲਵੀਂਆਂ ਸਹੂਲਤਾਂ ਮੌਜੂਦ ਹਨ ਜਿਹਨਾਂ ਦੀ ਵਰਤੋਂ ਕੀਤ ਜਾਣੀ ਚਾਹੀਦੀ ਹੈ ਕਿਉਂਕਿ ਅਜਿਹੇ ਫੈਸਲੇ ਹੋਰ ਮਹਿੰਗੇ ਸਾਬਤ ਹੋਣਗੇ ਤੇ ਕੀਮਤੀ ਜਾਨਾਂ ਲੈ ਸਕਦੇ ਹਨ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿੰਨਾ ਚਿਰ ਮਰੀਜ਼ ਨੂੰ ਲੈਵਲ 2 ਇਲਾਜ ਦੀ ਜ਼ਰੂਰਤ ਹੋਵੇਗੀ ਕੋਰੋਨਾ ਕੇਅਰ ਸੈਂਟਰ ਉਹਨਾਂ ਚਿਰ ਉਸਦੀ ਸੰਭਾਲ ਕਰੇਗਾ। ਉਹਨਾਂ ਕਿਹਾ ਕਿ ਜੇਕਰ ਮਰੀਜ਼ ਦੀ ਹਾਲਤ ਗੰਭੀਰ ਹੁੰਦੀ ਹੈ ਤਾਂ ਫਿਰ ਉਸਨੂੰ ਸੈਂਟਰ ਦੀ ਵੈਂਟੀਲੇਟਰ ਨਾਲ ਲੈਸ ਐਂਬੂਲੈਂਸ ਰਾਹੀਂ ਮੁਫਤ ਨੇੜਲੇ ਹਸਪਤਾਲ ਵਿਚ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਲਮਗੀਰ ਜਿੱਥੇ 25 ਬੈਡਾਂ ਦਾ ਸੈਂਟਰ ਕੁੱਝ ਦਿਨ ਪਹਿਲਾਂ ਬਣਾਇਆ ਹੈ, ਵਿਚ ਹੁਣ ਤੱਕ 55 ਮਰੀਜ਼ਾਂ ਨੇ ਇਲਾਜ ਦੀ ਸਹੂਲਤ ਲਈ ਹੈ ਜਿੰਨ੍ਹਾਂ ਚੋ 40 ਨੂੰ ਛੁੱਟੀ ਅਤੇ3 ਗੰਭੀਰ ਮਰੀਜ਼ ਰੈਫਰ ਕੀਤੇ ਗਏ ਹਨ।