ਇਕਾਂਤਵਾਸ ਪਰਿਵਾਰਾਂ ਨੂੰ ਉਹਨਾਂ ਦੇ ਘਰ ਤੱਕ ਖਾਣਾ ਪਹੁੰਚਾਉਣ ਲਈ ਲੰਗਰ ਸੇਵਾ ਦੀ ਸ਼ੁਰੂਆਤ - ਡਾ.ਚੀਮਾ
ਹਰੀਸ਼ ਕਾਲੜਾ
ਰੂਪਨਗਰ 8 ਮਈ 2021- ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਸ਼ਹਿਰ ਵਿੱਚ ਕੁਝ ਇਹੋ ਜਿਹੇ ਪਰਿਵਾਰ ਵੀ ਹਨ ਜੋ ਕਿ ਸਾਰੇ ਮੈਂਬਰ ਹੀ ਕੋਰੋਨਾ ਤੋਂ ਪੀੜ੍ਹਿਤ ਹੋ ਗਏ ਹਨ ਤੇ ਉਹਨਾਂ ਲਈ ਆਪਣੇ ਖਾਣੇ ਦਾ ਪ੍ਰਬੰਧ ਕਰਨ ਵਿੱਚ ਵੀ ਮੁਸ਼ਕਿਲ ਆ ਰਹੀ ਹੈ। ਡਾਕਟਰ ਚੀਮਾ ਨੇ ਕਿਹਾ ਕਿ ਅਜਿਹੇ ਪਰਿਵਾਰਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਰੋਪੜ ਵੱਲੋਂ ਘਰ-ਘਰ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ।
ਜੋ ਕਿ ਜਦੋਂ ਤੱਕ ਲੋਕਾਂ ਦੀ ਮੰਗ ਰਹੇਗੀ ਨਿਰੰਤਰ ਚੱਲਦੀ ਰਹੇਗੀ। ਉਹਨਾਂ ਕਿਹਾ ਕਿ ਉਹਨਾਂ ਦੇ ਸਹਿਯੋਗੀਆਂ ਵੱਲੋਂ ਬਹੁਤ ਹੀ ਹਾਈਜੈਨਿਕ ਤਰੀਕੇ ਨਾਲ ਪੌਸ਼ਟਿਕ ਖਾਣਾ ਤਿਆਰ ਕਰਵਾ ਕਿ ਮਰੀਜਾਂ ਦੇ ਘਰਾਂ ਤੱਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅੱਜ ਸੇਵਾ ਦੇ ਪਹਿਲੇ ਦਿਨ 42 ਵਿਅਕਤੀਆਂ ਨੂੰ ਇਹ ਸੇਵਾ ਪਹੁੰਚਾਈ ਗਈ ਹੈ। ਡਾਕਟਰ ਚੀਮਾ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਧਿਆਨ ਵਿੱਚ ਇਹੋ ਜਿਹਾ ਵਿਅਕਤੀ ਜਾ ਪਰਿਵਾਰ ਆਏ ਤੇ ਉਹ ਉਹਨਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ।
ਉਹਨਾਂ ਕਿਹਾ ਕਿ ਮਰੀਜਾਂ ਨੂੰ 8 ਵਜੇ ਤੋਂ ਪਹਿਲਾ ਨਾਸ਼ਤਾਂ, 1 ਵਜੇ ਤੋਂ ਪਹਿਲਾਂ ਦੁਪਹਿਰ ਦਾ ਖਾਣਾ ਅਤੇ 7.30 ਵਜੇ ਤੱਕ ਰਾਤ ਦਾ ਖਾਣਾ ਪਹੁੰਚਾਇਆ ਜਾਵੇਗਾ। ਅੱਜ ਇਸ ਸੇਵਾ ਦੀ ਸ਼ੁਰੂਆਤ ਕਰਨ ਮੌਕੇ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਗੁਰਮੁੱਖ ਸਿੰਘ ਸੈਣੀ ਸਾਬਕਾ ਕੌਂਸਲਰ, ਕਰਨੈਲ ਸਿੰਘ ਤੰਬੜ ਸਾਬਕਾ ਕੌਂਸਲਰ, ਮਨਜਿੰਦਰ ਸਿੰਘ ਧਨੋਆ ਸਾਬਕਾ ਕੌਂਸਲਰ, ਜਸਪਾਲ ਸਿੰਘ ਸੇਠੀ, ਚੌਧਰੀ ਵੇਦ ਪ੍ਰਕਾਸ਼, ਰਾਜੀਵ ਸ਼ਰਮਾ ਐਡਵੋਕੇਟ, ਮਨਪ੍ਰੀਤ ਸਿੰਘ ਗਿੱਲ, ਬਲਵਿੰਦਰ ਕੌਰ ਸ਼ਾਮਪੁਰਾ, ਬੀਬੀ ਹਰਜੀਤ ਕੌਰ ਅਤੇ ਧਰਮ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।